ਬੰਦੀ ਸਿੰਘਾਂ ਦੀ ਰਿਹਾਈ ਲਈ SGPC ਵੱਲੋਂ ਬਣਾਈ ਗਈ 9 ਮੈਂਬਰੀ ਕਮੇਟੀ ’ਤੇ ਰਵਨੀਤ ਬਿੱਟੂ ਦੀ ਪ੍ਰਤੀਕਿਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿੱਟੂ ਨੇ ਕਿਹਾ ਕਿ ਸਰਕਾਰ ਨੂੰ ਇਹਨਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਅਧੀਨ ਪਰਚਾ ਦਰਜ ਕਰਨਾ ਚਾਹੀਦਾ ਹੈ।

Ravneet Bittu

 

ਚੰਡੀਗੜ੍ਹ: ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ 9 ਮੈਂਬਰੀ ਕਮੇਟੀ ’ਤੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਰਵਨੀਤ ਬਿੱਟੂ ਨੇ ਇਸ ਨੂੰ ‘ਸ਼ਰਮਨਾਕ’ ਦੱਸਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਕਮੇਟੀ ਦੇ ਵਿਰੋਧ ਵਿਚ ਅਤਿਵਾਦ ਪੀੜਤਾਂ ਦਾ ਇਕ ਸਮੂਹ ਬਣਾਇਆ ਜਾਵੇਗਾ ਜੋ ਇਹਨਾਂ ਦੀ ਮੰਗ ਦਾ ਵਿਰੋਧ ਕਰੇਗਾ।

SGPC forms 9-member committee

ਰਵਨੀਤ ਬਿੱਟੂ ਨੇ ਫੇਸਬੁੱਕ ’ਤੇ ਲਿਖਿਆ, “ਰਾਜੋਆਣਾ ਤੇ ਹਵਾਰਾ ਵਰਗਿਆਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅਸੀਂ ਉਹਨਾਂ ਲੋਕਾਂ ਦਾ ਇਕ ਸਮੂਹ ਬਣਾਵਾਂਗੇ ਜਿਨ੍ਹਾਂ ਨੇ ਸਾਡੇ ਵਾਂਗ ਅਤਿਵਾਦੀ ਹਮਲਿਆਂ ਵਿਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ ਹੈ।  ਜਿੱਥੇ ਵੀ ਇਹ ਕਮੇਟੀ ਇਹਨਾਂ ਅੱਤਵਾਦੀਆਂ ਦੀ ਰਿਹਾਈ ਦੀ ਮੰਗ ਕਰੇਗੀ, ਸਾਡਾ ਪੀੜਿਤ ਪਰਿਵਾਰਾਂ ਦਾ ਸਮੂਹ ਉੱਥੇ ਜਾ ਇਹ ਜਾਗਰੂਕਤਾ ਪੈਦਾ ਕਰੇਗਾ ਕਿ ਜੇਕਰ ਇਹਨਾਂ ਅਤਿਵਾਦੀਆਂ ਨੂੰ ਰਿਹਾਅ ਕੀਤਾ ਗਿਆ ਤਾਂ ਹੋਰ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਏਗਾ ਅਤੇ ਇਹਨਾਂ ਨੂੰ ਕਿਸੇ ਵੀ ਕੀਮਤ 'ਤੇ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ”।

Photo

ਬਿੱਟੂ ਨੇ ਅੱਗੇ ਲਿਖਿਆ ਕਿ ਇਹ ਸ਼ਰਮਨਾਕ ਹੈ ਕਿ ਇਹ ਕਮੇਟੀ ਪੰਜਾਬ ਦੇ ਹਜ਼ਾਰਾਂ ਅਤਿਵਾਦ ਪੀੜਤ ਪਰਿਵਾਰਾਂ ਦੀ ਮਦਦ ਕਰਨ ਦੀ ਬਜਾਏ ਸਿਰਫ਼ ਨਫ਼ਰਤ ਫੈਲਾਉਣ ਵਾਲੇ ਅਤਿਵਾਦੀਆਂ ਨੂੰ ਛਡਾਉਣ 'ਤੇ ਕੇਂਦਰਿਤ ਹੈ।  ਸਰਕਾਰ ਨੂੰ ਇਹਨਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਅਧੀਨ ਪਰਚਾ ਦਰਜ ਕਰਨਾ ਚਾਹੀਦਾ ਹੈ।

SGPC forms 9-member committee

ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ ਅਗਲੀ ਰਣਨੀਤੀ ਤੈਅ ਕਰੇਗੀ। ਇਸ ਕਮੇਟੀ ਵਿਚ ਸੁਖਬੀਰ ਸਿੰਘ ਬਾਦਲ, ਸਿਮਰਨਜੀਤ ਸਿੰਘ ਮਾਨ, ਹਰਨਾਮ ਸਿੰਘ ਖਾਲਸਾ, ਬਲਜੀਤ ਸਿੰਘ ਦਾਦੂਵਾਲ, ਹਰਮੀਤ ਸਿੰਘ ਕਾਲਕਾ, ਮਨਜੀਤ ਸਿੰਘ ਜੀਕੇ, ਪਰਮਜੀਤ ਸਿੰਘ ਸਰਨਾ, ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਅਤੇ ਹਰਜਿੰਦਰ ਸਿੰਘ ਧਾਮੀ ਦੇ ਨਾਂਅ ਸ਼ਾਮਲ ਹਨ। ਇਸ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਜਪਾਲ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜਾਵੇਗੀ।