ਆਮ ਖ਼ਾਸ ਬਾਗ ਨੂੰ ਵਿਸ਼ਵ ਪੱਧਰ ਦਾ ਸੈਰ ਸਪਾਟਾ ਕੇਂਦਰ ਬਣਾਵਾਂਗੇ
ਇਥੇ 42 ਏਕੜ ਵਿਚ ਫੈਲੇ ਆਮ ਖ਼ਾਸ ਬਾਗ ਨੂੰ ਵਿਸ਼ਵ ਪੱਧਰ ਦੇ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ.......
ਫਤਿਹਗੜ੍ਹ ਸਾਹਿਬ, : ਇਥੇ 42 ਏਕੜ ਵਿਚ ਫੈਲੇ ਆਮ ਖ਼ਾਸ ਬਾਗ ਨੂੰ ਵਿਸ਼ਵ ਪੱਧਰ ਦੇ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਪੰਜਾਬ ਸਰਕਾਰ ਵਲੋਂ ਪਬਲਿਕ ਪ੍ਰਾਈਵੇਟ ਭਾਈਵਾਲੀ ਅਧੀਨ ਸੈਰ ਸਪਾਟੇ ਦੇ ਖੇਤਰ ਵਿਚ ਵਿਸ਼ਵ ਪੱਧਰ ਦੀ ਕੰਪਨੀ ਨਾਈਟ ਫਰੈਂਕ ਦੇ ਸਹਿਯੋਗ ਨਾਲ ਇਸ ਦੀ ਪੁਰਾਤਨ ਦਿੱਖ ਬਹਾਲ ਕੀਤੀ ਜਾਵੇਗੀ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਪੰਜਾਬ ਦੇ ਅਮੀਰ ਤੇ ਇਤਿਹਾਸਕ ਸੱਭਿਆਚਾਰਕ ਵਿਰਸੇ ਤੋਂ ਜਾਣੂ ਹੋ ਸਕੇ।
ਇਹ ਗੱਲ ਪੰਜਾਬ ਦੇ ਸਥਾਨਕ ਸਰਕਾਰ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਾਈਟ ਫਰੈਂਕ ਕੰਪਨੀ ਦੇ ਪ੍ਰਤੀਨਿਧ ਬੇਬਲ ਮੋਅਜ਼ੇ ਅਤੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ ਅਤੇ ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ ਦੇ ਨਾਲ ਆਮ ਖਾਸ ਬਾਗ ਵਿਖੇ ਸੈਰ ਸਪਾਟੇ ਦੀਆਂ ਸੰਭਾਵਨਾਵਾਂ ਦਾ ਜਾਇਜ਼ਾ ਲੈਣ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ।
ਉਨ੍ਹਾਂ ਕਿਹਾ ਕਿ ਮੁਗਲ ਕਾਲ ਨਾਲ ਜੁੜੀਆਂ ਸਰਾਏ ਸ਼ੰਭੂ, ਸਰਾਏ ਦੋਰਾਹਾ, ਸਰਾਏ ਲਸ਼ਕਰੀ ਖਾਨ ਅਤੇ ਆਮ ਖ਼ਾਸ ਬਾਗ ਨੂੰ ਪੰਜਾਬੀਆਂ ਦੇ ਪੁਰਾਤਨ ਵਿਆਹ ਸੱਭਿਆਚਾਰ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਪੰਜਾਬੀ ਇਥੇ ਆਪਣੀਆਂ ਪੁਰਾਤਨ ਸੱਭਿਆਚਾਰਕ ਰਹੁ ਰੀਤਾਂ ਅਨੁਸਾਰ ਵਿਆਹ ਸ਼ਾਦੀਆਂ ਦੇ ਸਮਾਗਮ ਕਰ ਸਕਣ। ਉਨ੍ਹਾਂ ਪਿਛਲੀ ਬਾਦਲ ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਸੈਰ ਸਪਾਟਾ ਉਦਯੋਗ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਆਮ ਖ਼ਾਸ ਬਾਗ ਵਿਖੇ ਲਾਈਟ ਐਂਡ ਸਾਊਂਡ ਸਿਸਟਮ ਵੀ ਲਗਾਇਆ ਜਾਵੇਗਾ।
ਇਸ ਮੌਕੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਸੁਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ, ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ, ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਲਕਾ ਮੀਨਾ, ਐੱਸ.ਪੀ. (ਐਚ) ਰਵਿੰਦਰਪਾਲ ਸਿੰਘ ਸੰਧੂ, ਸਹਾਇਕ ਕਮਿਸ਼ਨਰ (ਜਨਰਲ) ਆਨੰਦ ਸਾਗਰ ਸ਼ਰਮਾ, ਏ.ਐੱਸ.ਪੀ. ਡਾ. ਰਵਜੋਤ ਗਰੇਵਾਲ, ਪ੍ਰੋਜੈਕਟ ਮੈਨੇਜਰ ਅਸ਼ੋਕ ਨੰਦਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਨਗਰ ਕੌਂਸਲ ਦੇ ਕੌਂਸਲਰ ਅਤੇ ਹੋਰ ਪਤਵੰਤੇ ਵੀ ਸਨ।