ਜਥੇਦਾਰ ਦੀ ਨਿਯੁਕਤੀ ਨਾਲ ਮੁੜ ਸੁਰਜੀਤ ਹੋਈ ਪੁਰਾਣੀ ਰਿਵਾਇਤ : ਪਰਮਜੀਤ ਸਿੰਘ ਸਰਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸੰਗਤ ਦੀ ਮੰਗ 'ਤੇ ਲਿਆ ਗਿਆ ਇਹ ਫ਼ੈਸਲਾ ਬਿਲਕੁਲ ਠੀਕ 

Paramjit Singh Sarna

ਚੰਡੀਗੜ੍ਹ (ਸੁਰਖ਼ਾਬ ਚੰਨ, ਕੋਮਲਜੀਤ ਕੌਰ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਬਾਰੇ ਪਰਮਜੀਤ ਸਿੰਘ ਸਰਨਾ ਦਾ ਮੰਨਣਾ ਹੈ ਕਿ ਪੁਰਾਣੀ ਰਿਵਾਇਤ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਅੱਜ ਤੋਂ 30 ਵਰ੍ਹੇ ਪਹਿਲਾਂ ਵੀ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਯੁਕਤ ਕੀਤਾ ਜਾਂਦਾ ਸੀ। ਸਰਨਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵਲੋਂ ਦੋ ਜਗ੍ਹਾ ਸੇਵਾਵਾਂ ਨਿਭਾਉਣ ਕਾਰਨ ਸਵਾਲ ਚੁੱਕੇ ਜਾਂਦੇ ਸਨ ਅਤੇ ਇਸ ਦੇ ਮੱਦੇਨਜ਼ਰ ਇਹ ਫ਼ੈਸਲਾ ਬਿਲਕੁਲ ਦਰੁਸਤ ਕੀਤਾ ਗਿਆ ਹੈ।

ਗਿਆਨੀ ਰਘੁਬੀਰ ਸਿੰਘ ਦੀ ਜ਼ਿੰਮੇਵਾਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ''ਇਥੇ ਕੁੱਝ ਗ਼ਲਤੀ ਹੋਈ ਹੈ। ਉਹ ਐਡੀਸ਼ਨਲ ਹੈੱਡ ਗ੍ਰੰਥੀ ਨਹੀਂ ਸਗੋਂ ਉਨ੍ਹਾਂ ਨੇ ਕਹਿਣਾ ਸੀ ਕਿ ਉਹ ਬਤੌਰ ਗ੍ਰੰਥੀ ਵੀ ਸੇਵਾਵਾਂ ਨਿਭਾਉਂਦੇ ਰਹਿਣਗੇ। ਸਮੇਂ ਦੇ ਨਾਲ ਜਦੋਂ ਹੈੱਡ ਗ੍ਰੰਥੀ ਦੀ ਨਿਯੁਕਤੀ ਕਰ ਲਈ ਜਾਵੇਗੀ ਤਾਂ ਗਿਆਨੀ ਰਘੁਬੀਰ ਸਿੰਘ ਸਿਰਫ਼ ਜਥੇਦਾਰ ਦੀ ਜ਼ਿੰਮੇਵਾਰੀ ਨਿਭਾਉਣਗੇ।'' ਜਥੇਦਾਰ ਦੀ ਚੋਣ ਪ੍ਰਕਿਰਿਆ 'ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਸਰਨਾ ਨੇ ਕਿਹਾ ਕਿ ਦਾਦੂਵਾਲ ਸਾਹਬ ਖ਼ੁਦ ਦਸਣ ਕਿ ਉਨ੍ਹਾਂ ਨੂੰ ਕਿਸ ਪ੍ਰਕਿਰਿਆ ਨਾਲ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਚੁਣਿਆ ਗਿਆ?

ਇਹ ਵੀ ਪੜ੍ਹੋ: ਜਥੇਦਾਰ ਨੇ ਪੂਰੀ ਕੌਮ ਨੂੰ ਸੇਧ ਦੇਣੀ ਹੁੰਦੀ ਹੈ, ਪਰ ਇਥੇ ਜਥੇਦਾਰ ਨੂੰ ਚੋਰੀ ਚੁਣਿਆ ਗਿਆ- ਮਨਜਿੰਦਰ ਸਿੰਘ ਸਿਰਸਾ

ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਹਰ ਵਾਰ ਸਰਬਤ ਖ਼ਾਲਸਾ ਬੁਲਾ ਕੇ ਵਿਧੀ ਵਿਧਾਨ ਨਹੀਂ ਹੋ ਸਕਦਾ। ਐਮਰਜੈਂਸੀ ਦੀ ਸਥਿਤੀ ਵਿਚ ਵਿਧੀ ਵਿਧਾਨ ਨਹੀਂ ਦੇਖ ਸਕਦੇ ਸਗੋਂ ਸੰਗਤ ਦੀ ਮੰਗ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।

ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ  ਰਾਘਵ ਚੱਢਾ ਜੇ ਪਾਰਲੀਮੈਂਟ ਮੈਂਬਰ ਬਣ ਗਿਆ ਹੈ ਤਾਂ ਉਹ ਖ਼ੁਦਾ ਤਾਂ ਨਹੀਂ ਹੋ ਗਿਆ ਕਿ ਉਸ ਦੀ ਮੰਗਣੀ ਵਿਚ ਸਿੱਖ ਕੌਮ ਦੀ ਮਾਨਯੋਗ ਸ਼ਖ਼ਸੀਅਤ 'ਜਥੇਦਾਰ' ਦੀ ਗੱਡੀ ਨੂੰ ਬਾਹਰ ਰੋਕ ਦਿਤਾ ਗਿਆ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਸੜਕ 'ਤੇ ਉਤਰ ਜਾਣਾ ਜਥੇਦਾਰ ਵਰਗੀ ਸ਼ਖ਼ਸੀਅਤ ਦੀ ਤੌਹੀਨ ਹੈ। ਸਰਨਾ ਦਾ ਕਹਿਣਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ 'ਚ ਅਣਖ਼ ਜਾਂ ਗ਼ੈਰਤ ਹੁੰਦੀ ਤਾਂ ਉਨ੍ਹਾਂ ਨੂੰ ਉਸੇ ਵਕਤ ਅੰਦਰ ਜਾਣ ਦਾ ਫ਼ੈਸਲਾ ਰੱਦ ਕਰ ਦੇਣਾ ਚਾਹੀਦਾ ਸੀ ਪਰ ਅਜਿਹਾ ਨਾ ਕਰ ਕੇ ਉਨ੍ਹਾਂ ਤੋਂ ਬਹੁਤ ਵੱਡੀ ਗ਼ਲਤੀ ਹੋਈ ਹੈ।