ਪੰਜਾਬ ਡਰੱਗਜ਼ ਮਾਮਲੇ ਦੇ ਦੋਸ਼ੀ ਭੋਲਾ ਨੂੰ ਮਿਲੀ ਰਾਹਤ: ਮਾਂ ਦੀਆਂ ਅਸਥੀਆਂ ਵਿਸਰਜਣ ਕਰਨ ਲਈ ਹਾਈਕੋਰਟ ਨੇ 19 ਜੂਨ ਤੱਕ ਵਧਾਇਆ ਸਮਾਂ
ਬਠਿੰਡਾ ਦੇ ਡੀਸੀ ਨੂੰ ਵੀ ਨਿਗਰਾਨੀ ਰੱਖਣ ਦੇ ਹੁਕਮ ਦਿਤੇ ਹਨ।
ਚੰਡੀਗੜ੍ਹ : ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਕੇਸ ਦੇ ਸਰਗਨਾ ਜਗਦੀਸ਼ ਭੋਲਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਭੋਲਾ ਦੀ ਮਾਂ ਦੀ 8 ਜੂਨ ਨੂੰ ਮੌਤ ਹੋ ਗਈ ਸੀ। ਇਸ ਕਾਰਨ ਭੋਲਾ ਨੂੰ ਧਾਰਮਕ ਰਸਮਾਂ ਪੂਰੀਆਂ ਕਰਨ ਅਤੇ ਮਾਤਾ ਦੀਆਂ ਅਸਥੀਆਂ ਵਿਸਰਜਣ ਲਈ ਹਾਈ ਕੋਰਟ ਤੋਂ 19 ਜੂਨ ਤੱਕ ਦਾ ਸਮਾਂ ਮਿਲਿਆ ਹੈ।
ਹਾਈਕੋਰਟ ਨੇ ਭੋਲਾ ਨੂੰ ਅੱਜ ਤੋਂ 18 ਜੂਨ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਖੰਡ ਪਾਠ ਅਤੇ 19 ਜੂਨ ਨੂੰ ਅਸਥੀਆਂ ਦੇ ਵਿਸਰਜਨ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿਤੀ ਹੈ। ਪਰ ਉਸ ਨੂੰ ਪੁਲਿਸ ਹਿਰਾਸਤ ਵਿਚ ਰਹਿੰਦਿਆਂ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਪੈਣਗੀਆਂ। ਇਸ ਦੇ ਲਈ ਭੋਲਾ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਦੋ ਆਈਪੀਐਸ ਅਧਿਕਾਰੀਆਂ, ਇੱਕ ਪੁਰਸ਼ ਅਤੇ ਇੱਕ ਮਹਿਲਾ ਅਧਿਕਾਰੀ ਨੂੰ ਸੌਂਪੀ ਗਈ ਹੈ। ਬਠਿੰਡਾ ਦੇ ਡੀਸੀ ਨੂੰ ਵੀ ਨਿਗਰਾਨੀ ਰੱਖਣ ਦੇ ਹੁਕਮ ਦਿਤੇ ਹਨ।
ਮੁਲਜ਼ਮ ਭੋਲਾ ਨੂੰ 19 ਜੂਨ ਦੀ ਸ਼ਾਮ ਨੂੰ ਪੁਲfਸ ਹਿਰਾਸਤ ਵਿਚ ਸਾਰੀਆਂ ਧਾਰਮਕ ਰਸਮਾਂ ਪੂਰੀਆਂ ਕਰਨ ਮਗਰੋਂ ਅਸਥੀਆਂ ਜਲਾਉਣ ਮਗਰੋਂ ਮੁੜ ਜੇਲ੍ਹ ਲਿਆਂਦਾ ਜਾਵੇਗਾ।
ਜਗਦੀਸ਼ ਭੋਲਾ ਇੱਕ ਅੰਤਰਰਾਸ਼ਟਰੀ ਪਹਿਲਵਾਨ ਰਿਹਾ ਹੈ ਅਤੇ ਅਰਜੁਨ ਅਵਾਰਡ ਜੇਤੂ ਵੀ ਹੈ। ਉਹ ਪੰਜਾਬ ਪੁਲਿਸ ਵਿਚ ਡੀਐਸਪੀ ਦੇ ਅਹੁਦੇ ’ਤੇ ਭਰਤੀ ਹੋਏ ਸਨ। ਸਾਲ 2013 'ਚ ਭੋਲਾ ਵਿਰੁਧ 6,000 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਦਾ ਪਰਦਾਫਾਸ਼ ਹੋਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਉਹ ਡਰੱਗਜ਼ ਕੇਸ ਦਾ ਮਾਸਟਰ ਮਾਈਂਡ ਸੀ। ਭੋਲਾ ਨੂੰ ਡਰੱਗਜ਼ ਮਾਮਲੇ 'ਚ ਦੋਸ਼ੀ ਕਰਾਰ ਦਿਤਾ ਗਿਆ ਹੈ। ਉਦੋਂ ਤੋਂ ਉਹ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ।