ਮੁੱਖ ਮੰਤਰੀ ਦੀ ਅਪੀਲ ਨੂੰ ਹੁੰਗਾਰਾ, ਨਸ਼ਾ ਛਡਾਊ ਕੇਂਦਰਾਂ 'ਚ ਮਰੀਜਾਂ ਦੀ ਗਿਣਤੀ ਕਈ ਗੁਣਾ ਵਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੇ ਦੇ ਆਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੀਤੀ ਗਈ ਨਿੱਜੀ ਅਪੀਲ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਅਪਣਾਈ ਗਈ...

Capt Amrinder Singh

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੇ ਦੇ ਆਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੀਤੀ ਗਈ ਨਿੱਜੀ ਅਪੀਲ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਅਪਣਾਈ ਗਈ ਸੰਗਠਤ ਬਹੂ-ਉਦੇਸ਼ੀ ਨੀਤੀ ਦੇ ਕਾਰਨ ਜੂਨ ਅਤੇ ਜੁਲਾਈ ਦੇ ਵਿਚਕਾਰ ਪੰਜਾਬ ਦੇ ਨਸ਼ਾ ਛਡਾਊ ਕੇਂਦਰਾਂ ਵਿਚ ਇਲਾਜ ਵਾਸਤੇ ਆਉਣ ਵਾਲੇ ਮਰੀਜਾਂ ਦੀ ਗਿਣਤੀ 'ਚ ਵੱਡਾ ਵਾਧਾ ਹੋਇਆ ਹੈ। ਇਹ ਪ੍ਰਗਟਾਵਾ ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਕੀਤਾ।

ਉਸ ਨੇ ਦੱਸਿਆ ਕਿ ਸੂਬੇ ਵਿਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਵਿਚ ਲੋਕਾਂ ਨੂੰ ਸ਼ਾਮਲ ਹੋਣ ਦੀ ਮੁੱਖ ਮੰਤਰੀ ਵੱਲੋਂ ਕੀਤੀ ਗਈ ਅਪੀਲ ਨੂੰ ਬਹੁਤ ਵਧੀਆ ਅਤੇ ਪ੍ਰਭਾਵੀ ਹੁੰਗਾਰਾ ਮਿਲਿਆ ਹੈ, ਜਿਸ ਦੀ ਗਵਾਹੀ ਨਸ਼ਾ ਛਡਾਊ ਕੇਂਦਰਾਂ ਵਿਚ ਆਉਣ ਵਾਲੇ ਮਰੀਜਾਂ ਤੋਂ ਮਿਲਦੀ ਹੈ। ਇਨ੍ਹਾਂ ਕੇਂਦਰਾਂ ਵਿਚ ਆਉਣ ਵਾਲੇ ਮਰੀਜਾਂ ਦੀ ਗਿਣਤੀ 'ਚ ਹੋਏ ਕਈ ਗੁਣਾ ਵਾਧੇ ਦੀ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਜੂਨ ਵਿਚ ਨਸ਼ਾ ਛਡਾਊ ਕੇਂਦਰਾਂ ਵਿਚ ਨਵੇਂ ਆਊਟਡੋਰ ਮਰੀਜਾਂ ਦੀ ਰਜਿਸਟ੍ਰੇਸ਼ਨ ਔਸਤਨ 70 ਸੀ ਜੋ ਜੁਲਾਈ ਵਿਚ ਰੋਜ਼ਾਨਾ 408 ਪਹੁੰਚ ਗਈ ਹੈ।

ਸ਼ਨੀਵਾਰ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਆਊਟਡੋਰ ਨਵੇਂ ਮਰੀਜਾਂ ਦੀ ਰਜਿਸਟ੍ਰੇਸ਼ਨ 681 ਹੋਈ। ਇਸੇ ਤਰ੍ਹਾਂ ਹੀ ਨਸ਼ਾ ਛਡਾਊ ਕੇਂਦਰਾਂ ਵਿਚ ਰੋਜ਼ਾਨਾ ਆਉਣ ਵਾਲੇ ਮਰੀਜਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਜੂਨ ਵਿਚ ਇਨ੍ਹਾਂ ਮਰੀਜਾਂ (ਨਵੇਂ+ਪੁਰਾਣੇ) ਦੀ ਗਿਣਤੀ 2345 ਸੀ ਜੋ ਜੁਲਾਈ ਵਿਚ 4408 ਹੋ ਗਈ ਹੈ। ਸ਼ਨੀਵਾਰ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਆਏ ਨਵੇਂ ਅਤੇ ਪੁਰਾਣੇ ਮਰੀਜਾਂ ਦੀ ਕੁਲ ਗਿਣਤੀ 6673 ਸੀ। ਬੁਲਾਰੇ ਅਨੁਸਾਰ ਅਗਲੇ ਦੋ ਹਫਤਿਆਂ ਦੌਰਾਨ ਇਸ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਉਮੀਦ ਹੈ ਅਤੇ ਜੁਲਾਈ ਵਿਚ ਇਸ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਜਾਣ ਦੀ ਸੰਭਾਵਨਾ ਹੈ।

ਨਸ਼ਿਆਂ ਦੇ ਸਮਗਲਰਾਂ ਵਿਰੁੱਧ ਸਖ਼ਤ ਕਦਮ ਚੁਕਣ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਪਿਛਲੇ ਦੋ ਹਫਤਿਆਂ ਦੌਰਾਨ ਲੋਕਾਂ ਨੂੰ ਮੀਡੀਆ ਰਾਹੀਂ ਵਾਰ ਵਾਰ ਅਪੀਲਾਂ ਕੀਤੀਆਂ। ਉਨ੍ਹਾਂ ਨੇ ਨਸ਼ਿਆਂ ਦੇ ਸਬੰਧ ਵਿਚ ਸਮਾਜਿਕ ਬਦਨਾਮੀ ਵਾਲੀ ਗੱਲ ਤੋਂ ਉਭਰਣ ਲਈ ਲੋਕਾਂ ਨੂੰ ਆਖਿਆ ਅਤੇ ਨਸ਼ਿਆਂ ਨਾਲ ਪੀੜਤਾਂ ਦਾ ਇਲਾਜ ਕਰਵਾਉਣ ਲਈ ਅੱਗੇ ਆਉਣ ਦੀਆਂ ਅਪੀਲਾਂ ਕੀਤੀਆਂ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਸੀ ਕਿ ਜੇ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਤਾਂ ਸੂਬੇ ਦੇ ਲੋਕਾਂ ਨੂੰ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਜ਼ਰੂਰਤ ਹੈ। 

ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਕੁਟਮਾਰ ਜਾਂ ਕਿਸੇ ਹੋਰ ਤਰ੍ਹਾਂ ਦੀ ਹਿੰਸਾ ਦੇ ਹੱਕ ਵਿਚ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਿਰ ਆਪਣੀ ਅਪੀਲ ਨੂੰ ਦੁਹਰਾਉਂਦੇ ਹੋਏ ਲੋਕਾਂ ਨੂੰ ਕਿਹਾ ਹੈ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲੈਣ। ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਫੜਾਉਣ ਲਈ ਪੁਲਿਸ ਅਤੇ ਇਸ ਕੰਮ ਵਿਚ ਲੱਗੀਆਂ ਹੋਰ ਏਜੰਸੀਆਂ ਨੂੰ ਸੂਚਨਾ ਮੁਹੱਈਆ ਕਰਵਾਉਣ ਵਾਸਤੇ ਆਖਿਆ ਹੈ ਤਾਂ ਜੋ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਰਹੇ ਸਮਾਨ ਨੂੰ ਜਬਤ ਕੀਤਾ ਜਾ ਸਕੇ ਅਤੇ ਇਸ ਦੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਗਿ੍ਫਤਾਰ ਕੀਤਾ ਜਾ ਸਕੇ।

ਉਨ੍ਹਾਂ ਨੇ ਨਸ਼ੇ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਆ ਕੇ ਇਲਾਜ ਕਰਵਾਉਣ ਅਤੇ ਮੁੜ ਵਸੇਬਾ ਕੇਂਦਰਾਂ ਦੀ ਮਦਦ ਪ੍ਰਾਪਤ ਕਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਪੁਲਿਸ ਨੂੰ ਮੁੜ ਹਦਾਇਤ ਜਾਰੀ ਕਰਦੇ ਹੋਏ ਕਿਹਾ ਕਿ ਉਹ ਨਸ਼ਾ ਛਡਾਊ ਕੇਂਦਰਾਂ ਵਿਚ ਜਾ ਕੇ ਨਸ਼ਾ ਪੀੜਤਾਂ ਨੂੰ ਪਰੇਸ਼ਾਨ ਨਾ ਕਰਨ ਅਤੇ ਉਨ੍ਹਾਂ ਨਾਲ ਸਵਾਲ ਜਵਾਬ ਕਰਨ ਤੋਂ ਗੁਰੇਜ ਕਰਨ। ਉਨ੍ਹਾਂ ਨੇ ਕੇਂਦਰਾਂ ਵਿਚ ਜ਼ਿਆਦਾ ਮਰੀਜਾਂ ਦੇ ਆਉਣ ਦੀ ਸੂਰਤ ਵਿਚ ਢੁੱਕਵੇਂ ਪ੍ਰਬੰਧ ਕਰਨ ਵਾਸਤੇ ਵੀ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਨਸ਼ੇ ਦੇ ਪੀੜਤਾਂ ਨਾਲ ਨਿਪਟਣ ਵੇਲੇ ਮਾਨਵੀ ਪਹੁੰਚ ਅਪਣਾਉਣ ਲਈ ਵੀ ਆਖਿਆ ਹੈ ਤਾਂ ਜੋ ਨਸ਼ੇ ਦੀ ਆਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਂਦਾ ਜਾ ਸਕੇ।