ਮੌਸਮ ਵਿਭਾਗ ਵੱਲੋਂ ਪੰਜਾਬ ਤੇ ਚੰਡੀਗੜ੍ਹ ‘ਚ ਭਾਰੀ ਬਾਰਿਸ਼ ਦੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਹਫ਼ਤੇ ਤੋਂ ਸ਼ੁਰੂ ਹੋਈ ਬਾਰਿਸ਼ ਹਾਲੇ ਰੁਕਣ ਵਾਲੀ ਨਹੀਂ ਹੈ। ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ 24 ਘੰਟਿਆਂ...

Weather Report

ਚੰਡੀਗੜ੍ਹ: ਪਿਛਲੇ ਹਫ਼ਤੇ ਤੋਂ ਸ਼ੁਰੂ ਹੋਈ ਬਾਰਿਸ਼ ਹਾਲੇ ਰੁਕਣ ਵਾਲੀ ਨਹੀਂ ਹੈ। ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ 24 ਘੰਟਿਆਂ ਵਿਚ ਭਾਰੀ ਬਾਰਿਸ਼ ਦੇ ਆਸਾਰ ਹਨ। ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਤੇ ਮਾਨਸੂਨ ਦੋਨੇਂ ਹੀ ਐਕਟਿਵ ਹਨ। ਜਿਸ ਦੇ ਕਾਰਨ ਸਾਧਾਰਨ ਤੋਂ ਜ਼ਿਆਦਾ ਬਾਰਿਸ਼ ਹੋਣ ਦੇ ਆਸਾਰ ਹਨ।

ਬਾਰਿਸ਼ ਦਾ ਇਹ ਦੌਰ 17-18 ਜੁਲਾਈ ਤੱਕ ਚੱਲਣ ਦੀ ਸੰਭਾਵਨਾ ਹੈ। ਇਸ ਦੇ ਬਾਅਦ ਹੀ ਬਾਰਿਸ਼ ਦੇ ਥੰਮ੍ਹਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਤਾਂ ਚੰਡੀਗੜ੍ਹ ਵਿਚ ਦਿਨ ਦਾ ਤਾਪਮਾਨ 30 ਡਿਗਰੀ ਦਰਜ ਕੀਤਾ ਗਿਆ, ਜਿਹੜਾ ਸਾਧਾਰਨ ਤੋਂ 4 ਡਿਗਰੀ ਘੱਟ ਸੀ। ਮੌਸਮ ਵਿਭਾਗ ਨੇ ਤੱਟੀ ਅਤੇ ਦੱਖਣੀ ਕਰਨਾਟਕ, ਮਹਾਰਾਸ਼ਟਰ ਦਾ ਕੋਂਕਣ, ਗੋਆ, ਕੇਰਲ, ਪੂਰਬੀ ਅਤੇ ਪੱਛਮੀ ਰਾਜਸਥਾਨ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਬੰਗਾਲ, ਸਿੱਕਮ, ਪੰਜਾਬ, ਹਰਿਆਣਾ, ਦਿੱਲੀ,ਹਿਮਾਚਲ, ਜੰਮੂ-ਕਸ਼ਮੀਰ, ਪੱਛਮੀ ਮੱਧ ਪ੍ਰਦੇਸ਼, ਉਤਰੀ ਗੁਜਰਾਤ, ਤੇਲੰਗਾਨਾ ਵਿੱਚ ਸ਼ਨੀਵਾਰ ਤੱਕ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।

ਪਿਛਲੇ ਸਾਲ ਦੋ ਜੁਲਾਈ ਨੂੰ ਮਾਨਸੂਨ ਨੇ ਦਿੱਲੀ ਵਿਚ ਦਸਤਕ ਦਿੱਤੀ ਸੀ। ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮਾਨਸੂਨ ਗੁਜਰਾਤ ਦੇ ਕੁੱਝ ਹੋਰ ਹਿੱਸਿਆਂ, ਪੂਰਬੀ ਰਾਜਸਥਾਨ ਦੇ ਜਿਆਦਾਂਤਰ ਹਿੱਸਿਆਂ, ਪੱਛਮੀ ਰਾਜਸਥਾਨ ਦੇ ਕੁੱਝ ਹਿੱਸਿਆਂ, ਪੂਰੇ ਹਰਿਆਣਾ, ਪੰਜਾਬ, ਚੰਡੀਗੜ੍ਹ, ਪੱਛਮੀ ਉਤਰ ਪ੍ਰਦੇਸ ਦੇ ਖਾਸ ਹਿੱਸਿਆਂ, ਉਤਰਾਖੰਡ, ਹਿਮਾਚਲ ਪ੍ਰਦੇਸ਼ 'ਚ ਪਹੁੰਚ ਗਿਆ ਹੈ।