ਬਲਬੀਰ ਸਿੱਧੂ ਨੇ ਮਸਤਾਨ ਸਿੰਘ ਦੀ ਸਿਹਤ ਬਾਰੇ ਜਾਣਿਆ, ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲਬੀਰ ਸਿੱਧੂ ਨੇ ਸਿਹਤ ਕਰਮਚਾਰੀ ਮਸਤਾਨ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਸ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

Balbir Singh Sidhu

ਚੰਡੀਗੜ੍ਹ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਕਰਮਚਾਰੀ ਮਸਤਾਨ ਸਿੰਘ ਨੂੰ ਭਰੋਸਾ ਦਿਵਾਇਆ ਕਿ ਕੋਵਿਡ-19 ਦੀ ਡਿਊਟੀ ਦੌਰਾਨ ਉਸ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਬਿਮਾਰੀ ਦੇ ਫੈਲਾਅ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਇਕ ਮੁੱਖ ਕਾਰਨ ਇਹ ਹੈ ਕਿ ਕੋਵਿਡ ਦੇ ਲੱਛਣ ਪਾਏ ਜਾਣ ਵਾਲੇ ਲੋਕ ਸਿਹਤ ਸੰਸਥਾਵਾਂ ਨੂੰ ਕਾਫ਼ੀ ਦੇਰੀ ਨਾਲ ਸੂਚਿਤ ਕਰਦੇ ਹਨ ਜਿਸ ਨਾਲ ਉਹਨਾਂ ਦੀ ਕੋਵਿਡ-19 ਸਬੰਧੀ ਜਾਂਚ ਵਿਚ ਦੇਰੀ ਹੁੰਦੀ ਹੈ।

ਇਸ ਲਈ ਹਰ ਲੱਛਣ ਪਾਏ ਜਾਣ ਵਾਲੇ ਹਰੇਕ ਸ਼ੱਕੀ ਵਿਅਕਤੀ ਦਾ ਪਤਾ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਆਦੇਸ਼ ’ਤੇ ਕਮਿਉਨਿਟੀ ਹੈਲਥ ਸੈਂਟਰ ਮਲੌਦ ਵਿਖੇ ਤਾਇਨਾਤ ਮਸਤਾਨ ਸਿੰਘ ਸਕਰੀਨਿੰਗ ਲਈ ਪਿੰਡ ਖਾਨਪੁਰ ਵਿਖੇ ਪ੍ਰਭੂ ਕਾ ਡੇਰਾ ਨਾਮਕ ਥਾਂ ’ਤੇ ਗਏ। ਜਦੋਂ ਉਹ ਲੱਛਣ ਪਾਏ ਜਾਣ ਵਾਲੇ ਸ਼ੱਕੀ ਮਰੀਜ਼ਾਂ ਬਾਰੇ ਜਾਣਕਾਰੀ ਲੈਣ ਲਈ ਪਹੁੰਚੇ ਤਾਂ ਸਾਧੂਆਂ ਅਤੇ ਉਹਨਾਂ ਦੇ ਕੁਝ ਸਾਥੀਆਂ ਵੱਲੋਂ ਮਸਤਾਨ ਸਿੰਘ ਦੀ  ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿੱਥੇ ਇਕ ਮੋਬਾਈਲ ਫੋਨ ’ਤੇ ਸਾਰੀ ਘਟਨਾ ਦੀ ਵੀਡੀਓ ਬਣਾਈ ਗਈ।

ਸਿੱਧੂ ਨੇ ਦੱਸਿਆ ਕਿ ਐਸ.ਐਮ.ਓ ਡਾ. ਗੋਬਿੰਦ ਰਾਮ ਮਲੌਦ ਅਤੇ ਐਸ.ਐਮ.ਓ ਡਾ. ਸੰਤੋਸ਼ ਕੌਰ, ਡੇਹਲੋਂ ਨੇ ਤੁਰੰਤ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਪਾ੍ਰਪਤ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਡਾ. ਬੱਗਾ ਨੇ ਇਹ ਮਾਮਲਾ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ, ਲੁਧਿਆਣਾ ਰਾਕੇਸ਼ ਅਗਰਵਾਲ ਦੇ ਧਿਆਨ ਵਿਚ ਲਿਆਂਦਾ।

ਉਹਨਾਂ ਦੱਸਿਆ ਕਿ ਡਾ. ਬੱਗਾ ਨੇ ਹਸਪਤਾਲ ਵਿਖੇ ਦਾਖ਼ਲ ਉਕਤ ਕਰਮਚਾਰੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਮਸਤਾਨ ਸਿੰਘ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਅਤੇ ਉਸਦੀ ਸਿਹਤ ਬਾਰੇ ਜਾਣਿਆ। ਸਿਹਤ ਮੰਤਰੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਆਈਪੀਸੀ ਦੀ ਧਾਰਾ 307, 365, 353,186, 188, 295-ਏ ਅਤੇ ਐਪੀਡੈਮਿਕ ਐਕਟ 1987 ਦੀ ਧਾਰਾ 3 ਦੇ ਤਹਿਤ ਥਾਣਾ ਡੇਹਲੋਂ, ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾ ਦੀ ਨਿੰਦਾ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਿਹਤ ਕਰਮਚਾਰੀ ਇਸ ਮਾਰੂ ਬਿਮਾਰੀ ਤੋਂ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਕੰਮ ਕਰ ਰਹੇ ਹਨ।

ਉਹਨਾਂ ਕਿਹਾ ਕਿ ਕਿਸੇ ਵੀ ਸਿਹਤ ਕਰਮਚਾਰੀ ’ਤੇ ਕਿਸੇ ਵੀ ਤਰਾਂ ਦਾ ਹਮਲਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਪੁਲਿਸ ਕਮਿਸ਼ਨਰ, ਲੁਧਿਆਣਾ ਨੂੰ ਹਦਾਇਤ ਕੀਤੀ ਕਿ ਉਹ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਕਿਉਂਕਿ ਲੁਧਿਆਣਾ ਵਿਚ ਕੋਵੀਡ -19 ਦੇ ਜ਼ਿਆਦਾਤਰ ਮਾਮਲੇ ਦਰਜ ਕੀਤੇ ਗਏ ਹਨ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਦੋਸ਼ੀ ਵਿਅਕਤੀਆਂ ਨੂੰ ਜਲਦ ਤੋਂ ਜਲਦ ਗਿ੍ਰਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਾ ਵਾਪਰੇ।