ਮੁੱਖ ਮੰਤਰੀ ਵੱਲੋਂ ਅਕਾਲੀਆਂ ਦੀ ਰੈਲੀ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਵੱਲੋਂ ਅਕਾਲੀਆਂ ਦੀ ਰੈਲੀ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਵਾਸੀਆਂ ਅਤੇ ਪੁਲੀਸ ਦੀ ਸ਼ਲਾਘਾ

Capt Amrinder Singh

ਚੰਡੀਗੜ  (ਨੀਲ ਭਲਿੰਦਰ ਸਿੰਘ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਫਰੀਦਕੋਟ ਰੈਲੀ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਬਰਕਰਾਰ ਰੱਖਣ ਨੂੰ ਯਕੀਨੀ ਬਣਾਉਣ ਲਈ ਸੂਬੇ ਦੇ ਲੋਕਾਂ ਤੇ ਪੁਲੀਸ ਦੀ ਸ਼ਲਾਘਾ ਕੀਤੀ ਹੈ। ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਰੈਲੀ ਦੌਰਾਨ ਤਣਾਅ ਪੈਦਾ ਕਰਨ ਲਈ ਬਾਦਲ ਵੱਲੋਂ ਚੱਲੀਆਂ ਚਾਲਾਂ ਦੇ ਬਹਿਕਾਵੇ ਵਿੱਚ ਲੋਕਾਂ ਦੇ ਨਾ ਆਉਣ ’ਤੇ ਉਨਾਂ ਦਾ ਧੰਨਵਾਦ ਕੀਤਾ ਕਿਉਂ ਜੋ ਅਕਾਲੀ ਲੀਡਰਾਂ ਦਾ ਮਕਸਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਚ ਬੇਅਦਬੀ ਮਾਮਲਿਆਂ ’ਚ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਸਾਹਮਣੇ ਆਉਣ ਸਮੇਤ ਹੋਰ ਮਾੜੇ ਕੰਮਾਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਅਕਾਲੀਆਂ ਵੱਲੋਂ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਿਰੇ ਨਾ ਚੜਨ ਦੇਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖੁਫੀਆ ਰਿਪੋਰਟ ਮੁਤਾਬਕ ਰੈਲੀ ਦੌਰਾਨ ਅਕਾਲੀ ਗੜਬੜ ਪੈਦਾ ਕਰ ਸਕਦੇ ਹਨ, ਦੇ ਬਾਵਜੂਦ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਸੂਬੇ ਵਿੱਚ ਅਮਨ-ਅਮਾਨ ਬਣਿਆ ਰਿਹਾ ਅਤੇ ਇਨਾਂ ਘਟਨਾਵਾਂ ’ਤੇ ਵੀ ਪੁਲੀਸ ਨੇ ਫੌਰੀ ਕਾਬੂ ਪਾ ਲਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਇਕ ਵਾਰ ਫਿਰ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਸੂਬੇ ਦੀ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਵਿੱਚ ਵਿਘਨ ਪਾਉਣ ਦੀ ਕਿਸੇ ਵੀ ਕੋਸ਼ਿਸ਼ ਨਾਲ ਬਾਖੂਬੀ ਨਜਿੱਠ ਸਕਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਫੋਰਸ ਤੇ ਐਡਵੋਕੇਟ ਜਨਰਲ ਵਿੱਚ ਪੂਰਾ ਭਰੋਸਾ ਜ਼ਾਹਰ ਕਰਦਿਆਂ ਇਨਾਂ ਅਹਿਮ ਸੰਸਥਾਵਾਂ ’ਤੇ ਉਂਗਲ ਚੁੱਕਣ ਵਾਲਿਆਂ ਨੂੰ ਆੜੇ ਹੱਥੀਂ ਲਿਆ। ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਬਹੁਤ ਕਾਬਲ ਨਿਆਂ ਅਧਿਕਾਰੀ ਹਨ ਜੋ ਕਦੇ ਵੀ ਸੂਬੇ ਦੇ ਹਿੱਤਾਂ ਵਿਰੁੱਧ ਨਹੀਂ ਭੁਗਤੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਬੇਹੂਦਾ ਦੋਸ਼ਾਂ ’ਤੇ ਅਤੁਲ ਨੰਦਾ ਨੂੰ ਅਹੁਦਾ ਛੱਡਣ ਜਾਂ ਹਟਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਦਕਿ ਬੀਰ ਦਵਿੰਦਰ ਸਿੰਘ ਤਾਂ ਖੁਦ ਲੋਕਾਂ ਦਾ ਰੱਦ ਕੀਤਾ ਹੋਇਆ ਲੀਡਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਸ੍ਰੀ ਨੰਦਾ ਦੀ ਸਮਰਥਾ ਤੇ ਪੇਸ਼ੇਵਾਰ ਕਾਬਲੀਅਤ ਵਿੱਚ ਪੂਰਾ ਭਰੋਸਾ ਹੈ ਜਿਨਾਂ ਨੂੰ ਉਹ ਪਿਛਲੇ ਲੰਮੇ ਸਮੇਂ ਜਾਣਦੇ ਹਨ।