ਸਟਾਫ਼ ਸਲੈਕਸ਼ਨ ਕਮਿਸ਼ਨ ਵੱਲੋਂ 55000 ਕਾਂਸਟੇਬਲਾਂ ਅਤੇ ਰਾਈਫਲਮੈਨ ਦੀਆਂ ਅਸਾਮੀਆਂ ਲਈ ਆਨਲਾਈਨ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਟਾਫ਼ ਸਲੈਕਸ਼ਨ ਕਮਿਸ਼ਨ ਵੱਲੋਂ 55000 ਕਾਂਸਟੇਬਲਾਂ ਅਤੇ ਰਾਈਫਲਮੈਨ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਤਾਰੀਕ ਵਿਚ ਵਾਧਾ

SSC

ਚੰਡੀਗੜ੍ਹ : ਸਟਾਫ਼ ਸਲੈਕਸ਼ਨ ਕਮਿਸ਼ਨ ਨੇ ਸੀ.ਏ.ਪੀ.ਐਫਜ਼, ਐਨ.ਆਈ.ਏ, ਐਸ.ਐਸ.ਐਫ. ਵਿੱਚ 55000 ਕਾਂਸਟੇਬਲਾਂ ਅਤੇ ਅਸਾਮ ਰਾਈਫਲਜ਼ ਵਿੱਚ ਰਾਈਫਲਮੈਨ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਤਾਰੀਕ ਵਿੱਚ ਵਾਧਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਕਮ ਡਾਇਰੈਕਟਰ ਰੋਜ਼ਗਾਰ ਉੱਤਪਤੀ ਅਤੇ ਘਰ ਘਰ ਰੋਜ਼ਗਾਰ, ਪੰਜਾਬ, ਸ੍ਰੀ ਰਾਹੁਲ ਤਿਵਾੜੀ  ਨੇ ਕਿਹਾ ਕਿ ਹੁਣ ਚਾਹਵਾਨ ਨੌਜਵਾਨ 30 ਸਤੰਬਰ ਸ਼ਾਮ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਕਿ ਸਟਾਫ਼ ਸਲੈਕਸ਼ਨ ਕਮਿਸ਼ਨ ਨੇ ਇਹ ਐਪਲੀਕੇਸ਼ਨ ਆਪਣੀ ਨਵੀਂ ਵੈੱਬਸਾਈਟ 'ਤੇ ਅਪਲੋਡ ਕੀਤੀ ਸੀ ਜਿਸ ਕਰਕੇ ਅਪਲਾਈ ਕਰਨ ਵਾਲਿਆਂ ਨੂੰ ਸ਼ੁਰੂਆਤੀ ਕੁਝ ਦਿਨਾਂ ਵਿੱਚ ਕੁਝ ਸਮੱਸਿਆਵਾਂ ਪੇਸ਼ ਆਈਆਂ ਅਤੇ ਨਾਲ ਹੀ ਇਹ ਦੇਖਿਆ ਗਿਆ ਕਿ ਕਮਿਸ਼ਨ ਦੀ ਵੈੱਬਸਾਈਟ ਹੌਲੀ ਚੱਲ ਰਹੀ ਸੀ ਜਿਸ ਕਾਰਨ ਕੁਝ ਬਿਨੈਕਾਰ ਆਨਲਾਈਨ ਅਪਲਾਈ ਕਰਨ ਤੋਂ ਰਹਿ ਗਏ ਸਨ। ਇਸ ਸਬੰਧੀ ਪੇਸ਼ ਆਈਆਂ ਦਿੱਕਤਾਂ ਬਾਰੇ ਬਿਨੈਕਾਰਾਂ ਨੇ ਕਮਿਸ਼ਨ ਨੂੰ ਰਿਪੋਰਟ ਕੀਤੀ ਸੀ।

 ਇਸ ਲਈ ਕੁਝ ਬਿਨੈਕਾਰਾਂ ਨੂੰ ਪੇਸ਼ ਆਈਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਧਿਆਨ ਵਿੱਚ ਰੱਖਦਿਆਂ ਸਮਰੱਥ ਅਧਿਕਾਰੀਆਂ ਵੱਲੋਂ ਸਬੰਧਤ ਇਮਤਿਹਾਨ ਲਈ ਆਨਲਾਈਨ ਫਾਰਮ ਭਰਨ ਦੀ ਤਾਰੀਕ 17-09-2018 ਤੋਂ ਵਧਾ ਕੇ 30-09-2018 ਕਰਨ ਦਾ ਫੈਸਲਾ ਕੀਤਾ ਗਿਆ। ਸ੍ਰੀ ਤਿਵਾੜੀ ਨੇ ਅੱਗੇ ਕਿਹਾ ਕਿ ਉਕਤ ਇਮਤਿਹਾਨ ਲਈ ਚਲਾਨ ਸਬੰਧੀ ਕੀਤੇ ਗਏ ਭੁਗਤਾਨ ਸਬੰਧੀ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਕੇਸਾਂ ਵਿੱਚ ਚਲਾਨ 30-09-2018 ਸ਼ਾਮ 5 ਵਜੇ ਤੱਕ ਜਨਰੇਟ ਹੋ ਜਾਣਗੇ ਬਿਨੈਕਾਰ ਉਨ੍ਹਾਂ ਦਾ ਭੁਗਤਾਨ ਐਸ.ਬੀ.ਆਈ. ਦੀਆਂ ਨਾਮਜ਼ਦ ਸ਼ਾਖਾਵਾਂ ਵਿੱਚ ਜਾ ਕੇ 03-10-2018 ਤੱਕ ਕਰ ਸਕਣਗੇ।

ਸ੍ਰੀ ਤਿਵਾੜੀ ਨੇ ਕਿਹਾ ਕਿ  ਸਟਾਫ਼ ਸਿਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ 30-09-2018 (ਸ਼ਾਮ 5:00 ਵਜੇ) ਤੋਂ ਬਾਅਦ ਉਕਤ ਇਮਤਿਹਾਨ ਲਈ ਆਨਲਾਈਨ ਅਪਲਾਈ ਕਰਨ ਲਈ ਕੋਈ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ। ਕਮਿਸ਼ਨ ਦੀ ਵੈੱਬਸਾਈਟ 'ਤੇ  25-07-2018 ਨੂੰ ਅਪਲੋਡ ਐਗਜਾਮੀਨੇਸ਼ਨ ਨੋਟਿਸ ਦੀਆਂ ਹੋਰ ਨਿਯਮ ਅਤੇ ਸ਼ਰਤਾਂ ਵਿੱਚ ਕੋਈ ਬਦਲਾਉ ਨਹੀਂ ਹੋਵੇਗਾ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਪੀ੍ਰਖਿਆ ਵਿੱਚ ਭਾਗ ਲੈਣ ਦੇ ਚਾਹਵਾਨ ਬਿਨੈਕਾਰਾਂ ਨੂੰ ਸਟਾਫ਼ ਸਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ 'ਤੇ ਸਿੱਧੇ ਤੌਰ 'ਤੇ ਆਨਲਾਈਨ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਪੁਲੀਸ ਲਾਈਨਸ ਵਿਖੇ ਉਹ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਮੁਫ਼ਤ ਸਿਖਲਾਈ ਲਈ ਉਹ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਨ੍ਹਾਂ ਨੇ ਪੁਲੀਸ ਲਾਈਨਸ ਵਿਖੇ ਰਿਪੋਰਟਿੰਗ ਕਰ ਦਿੱਤੀ ਹੈ ਪਰ ਅਜੇ ਅਪਲਾਈ ਨਹੀਂ ਕੀਤਾ ਉਹ ਹੁਣ ਸਿੱਧੇ ਤੌਰ 'ਤੇ ਸਟਾਫ਼ ਸਲੈਕਸ਼ ਕਮਿਸ਼ਨ ਕੋਲ ਆਨਲਾਈਨ ਅਪਲਾਈ ਕਰ ਸਕਦੇ ਹਨ।