ਮਾਸਟਰ ਬਲਦੇਵ ਮੁੜ 'ਆਪ' ਦੇ ਖੇਮੇ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਸ਼ਲ ਮੀਡੀਆ 'ਤੇ ਤਸਵੀਰ ਪਾ ਭਗਵੰਤ ਮਾਨ ਦੇ ਸੋਹਲੇ ਗਾਏ

Master Baldev Singh rejoin AAP

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ ਤੋਂ ਨਿੱਖੜ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਗਏ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਘਰ ਵਾਪਸੀ ਕਰ ਲਈ ਹੈ। ਅੱਜ ਉਨ੍ਹਾਂ ਖੁਦ ਹੀ ਸੋਸ਼ਲ ਮੀਡੀਆ ਉੱਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨਾਲ ਰੱਈਆ 'ਚ ਇਕ ਨਿੱਜੀ ਰਿਹਾਇਸ਼ 'ਤੇ ਖਿੱਚੀ ਇਕ ਤਸਵੀਰ ਸਾਂਝੀ ਕਰ ਭਗਵੰਤ ਮਾਨ ਦੇ ਖੂਬ ਸੋਹਲੇ ਗਾਏ ਹਨ। ਦੱਸਣਯੋਗ ਹੈ ਕਿ ਉਨ੍ਹਾਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਏਕਤਾ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਵੇਲੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਉਧਰ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਵੀ ਮਾਸਟਰ ਬਲਦੇਵ ਸਿੰਘ ਨਾਲ ਫੋਟੋ ਸ਼ੇਅਰ ਕੀਤੀ ਹੈ। ਭਗਵੰਤ ਮਾਨ ਨੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਮਾਸਟਰ ਬਲਦੇਵ ਸਿੰਘ ਪਾਰਟੀ ਦਾ ਮੁੜ ਹਿੱਸਾ ਬਣ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਮਿਲ-ਬੈਠ ਕੇ ਨਰਾਜ਼ਗੀ ਦੂਰ ਕਰ ਲਈ ਗਈ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਅਚਾਨਕ ਸੁਖਪਾਲ ਸਿੰਘ ਖਹਿਰਾ ਨੂੰ ਨੇਤਾ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਹ ਹਰਪਾਲ ਸਿੰਘ ਚੀਮਾ ਨੂੰ ਬਿਠਾ ਦੇਣ ਨਾਲ ਆਮ ਆਮਦੀ ਪਾਰਟੀ ਦਾ ਵਿਧਾਇਕ ਦਲ ਦੋਫਾੜ ਹੋ ਗਿਆ ਸੀ। ਖਹਿਰਾ ਅਤੇ ਖਰੜ ਤੋਂ ਆਪ ਵਿਧਾਇਕ ਕੰਵਰ ਸੰਧੂ ਦੀ ਅਗਵਾਈ ਵਿਚ ਅੱਧੀ ਦਰਜਨ ਦੇ ਕਰੀਬ ਪਾਰਟੀ ਵਿਧਾਇਕ ਉਨ੍ਹਾਂ ਨਾਲ ਆ ਗਏ ਸਨ। ਜਿਨ੍ਹਾਂ 'ਚ ਮਾਸਟਰ ਬਲਦੇਵ ਸਿੰਘ ਪ੍ਰਮੁੱਖ ਸਨ। ਬਾਅਦ ਵਿਚ ਪੰਜਾਬ ਡੈਮੋਕ੍ਰੇਟਿਕ ਗਠਜੋੜ ਦੇ ਝੰਡੇ ਹੇਠ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੇ ਲੋਕ ਸਭਾ ਦੀਆਂ ਅਸਫ਼ਲ ਚੋਣਾਂ ਵੀ ਲੜੀਆਂ। ਆਪ ਵਲੋਂ ਖਹਿਰਾ ਦੀ ਵਿਧਾਇਕੀ ਰੱਦ ਕਰਨ ਵਾਸਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਸ਼ਿਕਾਇਤ ਵੀ ਕੀਤੀ ਹੋਈ ਹੈ।

ਆਪ ਦੇ ਪੰਜਾਬ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪਾਰਟੀ ਵਲੋਂ ਖਹਿਰਾ ਤੋਂ ਇਲਾਵਾ ਖ਼ਾਸ ਕਰ ਮਾਸਟਰ ਬਲਦੇਵ ਸਿੰਘ ਦੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਮਾਸਟਰ ਬਲਦੇਵ ਸਿੰਘ ਹੁਣ ਮੁੜ ਆਪ ਦਾ ਹਿੱਸਾ ਬਣ ਗਏ ਹਨ। ਸਿੱਧੂ ਨੇ ਇਹ ਵੀ ਇਸ਼ਾਰਾ ਕੀਤਾ ਕਿ ਖਹਿਰਾ ਨਾਲ ਗਏ ਦੂਜੇ ਵਿਧਾਇਕ ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਤੇ ਜਗਤਾਰ ਸਿੰਘ ਜੱਗਾ ਨਾਲ ਵੀ ਗੱਲਬਾਤ ਜਾਰੀ ਹੈ। ਖਹਿਰਾ ਨਾਲ ਗਏ ਕੰਵਰ ਸੰਧੂ ਨੂੰ ਪਹਿਲਾਂ ਹੀ ਪਾਰਟੀ 'ਚੋਂ ਸਸਪੈਂਡ ਕੀਤਾ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਕੁਝ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ।

ਮੁਕੇਰੀਆਂ 'ਚ ਆਪ ਨੂੰ ਬਸਪਾ ਵਲੋਂ ਹਮਾਇਤ :
ਆਮ ਆਦਮੀ ਪਾਰਟੀ ਦੇ ਪੰਜਾਬ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਮੁਕੇਰੀਆਂ ਵਿਧਾਨ ਸਭਾ ਹਲਕੇ ਦੀਆਂ ਜਿਮਨੀ ਚੋਣਾਂ 'ਚ ਬਹੁਜਨ ਸਮਾਜ ਪਾਰਟੀ ਨੇ ਆਪ ਦੇ ਉਮੀਦਵਾਰ ਦੀ ਹਮਾਇਤ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਦੋਆਬਾ ਇਲਾਕੇ ਵਿਚ ਬਸਪਾ ਦਾ ਅੱਛਾ ਆਧਾਰ ਹੈ ਅਤੇ ਆਪ ਲਈ ਇਸ ਪਾਰਟੀ ਦਾ ਸਹਿਯੋਗ ਕਾਫ਼ੀ ਲਾਹੇਵੰਦ ਹੋ ਸਕਦਾ ਹੈ।