ਪੰਜਾਬ ਸਰਕਾਰ ਦੋ ਦਿਨਾਂ 'ਚ ਦਲਿਤ ਨਾਲ ਬਦਸਲੂਕੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰੇ- ਵਿਜੇ ਸਾਂਪਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਜੇ ਸਾਂਪਲਾ ਨੇ ਪ੍ਰੈੱਸ ਕਾਨਫਰੰਸ ਨੂੰ ਕੀਤਾ ਸੰਬੋਧਨ, ਕਾਂਗਰਸ ਸਰਕਾਰ 'ਤੇ ਲਾਏ ਗੰਭੀਰ ਦੋਸ਼

Vijay Sampla

ਜਲੰਧਰ: ਬੀਤੇ ਦਿਨ ਪਿੰਡ ਮਹਾਂਬੱਧਰ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਸੀਨੀਅਰ ਨੇਤਾ ਵਿਜੇ ਸਾਂਪਲਾ ਦਾ ਕਾਫ਼ਲਾ ਰੋਕਿਆ ਗਿਆ। ਇਸ ਤੋਂ ਬਾਅਦ ਅੱਜ ਵਿਜੇ ਸਾਂਪਲਾ ਨੇ ਜਲੰਧਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨੇ ਪੰਜਾਬ ਕਾਂਗਰਸ 'ਤੇ ਗੰਭੀਰ ਦੋਸ਼ ਲਗਾਏ।

ਉਹਨਾਂ ਨੇ ਬੀਤੇ ਦਿਨ ਅਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਦਲਿਤਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਜਾਂਦਾ ਹੈ ਤਾਂ ਉਹਨਾਂ ਦਾ ਰਸਤਾ ਨਾ ਰੋਕਿਆ ਜਾਵੇ। ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦਾ ਫਾਈਦਾ ਕਈ ਸਿਆਸੀ ਪਾਰਟੀਆਂ ਚੁੱਕ ਰਹੀਆਂ ਹਨ।

ਉਹਨਾਂ ਕਿਹਾ ਕਿ ਕਿਸਾਨ ਅਪਣੇ ਲਈ ਪ੍ਰਦਰਸ਼ਨ ਕਰ ਰਹੇ ਹਨ ਪਰ ਸਾਨੂੰ ਸਾਰਿਆਂ ਨੂੰ ਦਲਿਤਾਂ ਨਾਲ ਵੀ ਖੜ੍ਹੇ ਹੋਣਾ ਚਾਹੀਦਾ ਹੈ ਕਿਉਂਕਿ ਦਲਿਤ ਸਮਾਜ ਕਿਸਾਨੀ ਨਾਲ ਸਬੰਧਤ ਹਰ ਕੰਮ ਵਿਚ ਸਹਿਯੋਗੀ ਹੈ। ਉਹਨਾਂ ਨੇ ਪੁਲਿਸ 'ਤੇ ਪੀੜਤ ਪਰਿਵਾਰ ਨੂੰ ਤੰਗ ਕਰਨ ਦਾ ਦੋਸ਼ ਵੀ ਲਗਾਇਆ।

ਇਸ ਤੋਂ ਇਲਾਵਾ ਉਹਨਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਸੂਬਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਉਹਨਾਂ ਕਿਹਾ ਕਿ ਦੋ ਦਿਨਾਂ 'ਚ ਦਲਿਤ ਨੌਜਵਾਨ ਨਾਲ ਬਦਸਲੂਕੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਗਲਾ ਕਦਮ ਚੁੱਕਣ ਲਈ ਤਿਆਰ ਹਨ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਦਲਿਤ ਸਮਾਜ ਪੰਜਾਬ ਸਰਕਾਰ ਨੂੰ ਕਦੀ ਮਾਫ ਨਹੀਂ ਕਰੇਗਾ। 

ਉਹਨਾਂ ਕਿਹਾ ਕਿ ਕੋਈ ਜਿੰਨਾ ਉਹਨਾਂ ਦਾ ਮਰਜੀ ਰਸਤਾ ਰੋਕੇ, ਉਹ ਦਲਿਤ ਸਮਾਜ ਲਈ ਖੜ੍ਹੇ ਰਹਿਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਹਾਥਰਸ ਗੈਂਗਰੇਪ ਪੀੜਤਾ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਉਸ ਨੂੰ ਇਨਸਾਫ ਦਿਵਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।