ਗੁਆਂਢੀ ਮੁਲਕਾਂ ਨਾਲ ਵਪਾਰ ਵਧਾਉਣ ਲਈ ਸਿਮਰਨਜੀਤ ਸਿੰਘ ਮਾਨ ਨੇ ਅਟਾਰੀ ਵਾਹਗਾ ਬਾਰਡਰ ਖੋਲ੍ਹਣ ਦੀ ਕੀਤੀ ਮੰਗ
ਉੱਤਰੀ ਰੇਲਵੇ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਲਿਆ ਹਿੱਸਾ
ਚੰਡੀਗੜ੍ਹ: ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਉੱਤਰੀ ਰੇਲਵੇ ਦੀ ਚੰਡੀਗੜ੍ਹ ਵਿਖੇ ਰੱਖੀ ਗਈ ਮੀਟਿੰਗ ਵਿਚ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਰੇਲਵੇ ਵਿਭਾਗ ਵੱਲੌਂ ਉੱਤਰੀ ਭਾਰਤ ਦੇ ਸੰਸਦ ਮੈਂਬਰਾਂ ਕੋਲੋਂ ਉਹਨਾਂ ਦੇ ਹਲਕੇ ਸਬੰਧੀ ਮੁਸ਼ਕਿਲਾਂ ਨੂੰ ਸੁਣਿਆ ਗਿਆ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਵਪਾਰ ਵਧਾਉਣ ਲਈ ਅਟਾਰੀ ਵਾਹਗਾ ਬਾਰਡਰ ਖੋਲ੍ਹਣ ਦੀ ਮੰਗ ਕੀਤੀ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਭਾਰੀ ਮਾਤਰਾ ਵਿਚ ਕਣਕ, ਝੋਨੇ ਅਤੇ ਆਲੂ ਦੀ ਕਾਸ਼ਤ ਕਰਦਾ ਹੈ। ਪੰਜਾਬ ਵਿਚ ਆਲੂ ਦਾ ਬੀਜ ਸਭ ਤੋਂ ਵਧੀਆ ਹੈ ਪਰ ਗੁਆਂਢੀ ਮੁਲਕ ਪਾਕਿਸਤਾਨ, ਅਫ਼ਗਾਨਿਸਤਾਨ, ਸ੍ਰੀਲੰਕਾ, ਭੂਟਾਨ ਆਲੂ ਦੇ ਬੀਜ ਹੌਲੈਂਡ ਤੋਂ ਮੰਗਵਾਉਂਦੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ ਏਅਰ ਕੰਡੀਸ਼ਨਰ ਡੱਬੇ ਦਿੰਦੀ ਹੈ ਤਾਂ ਪੰਜਾਬ ਦਾ ਆਲੂਆਂ ਦਾ ਬੀਜ ਪੂਰੇ ਭਾਰਤ ਸਣੇ ਹੋਰ ਦੇਸ਼ਾਂ ਵਿਚ ਭੇਜਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ ਅਤੇ ਕਸ਼ਮੀਰ ਨਾਲ ਕੋਈ ਬੰਦਰਗਾਹ ਨਹੀਂ ਹੈ, ਇਸ ਲਈ ਜੇਕਰ ਪਾਕਿਸਤਾਨ ਨਾਲ ਵਪਾਰ ਖੋਲ੍ਹਿਆ ਜਾਵੇ ਤਾਂ ਬਹੁਤ ਫਾਇਦਾ ਹੋਵੇਗਾ। ਮਾਨ ਨੇ ਕਿਹਾ ਕਿ ਕਾਂਗੜਾ ਵਿਚ ਜਿਹੜੀ ਚਾਹ ਪੈਦਾ ਹੁੰਦੀ ਸੀ, ਉਸ ਨੂੰ ਅਫ਼ਗਾਨਿਸਤਾਨ ਭੇਜਿਆ ਜਾਂਦਾ ਸੀ, ਸਰਹੱਦਾਂ ਬੰਦ ਹੋਣ ਕਾਰਨ ਹਿਮਾਚਲ ਵਿਚ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਕੋਲ ਬਹੁਤ ਕਣਕ ਹੈ, ਜਿਸ ਨੂੰ ਹੋਰ ਮੁਲਕਾਂ ਵਿਚ ਭੇਜਿਆ ਜਾ ਸਕਦਾ ਹੈ ਪਰ ਭਾਰਤ ਦੀ ਬੰਦਰਗਾਹ ਨਾ ਹੋਣ ਕਾਰਨ ਪਾਕਿਸਤਾਨ ਰੂਸ ਤੋਂ ਕਣਕ ਮੰਗਵਾ ਰਿਹਾ ਹੈ। ਉਹਨਾਂ ਕਿਹਾ ਕਿ ਰੇਲਵੇ ਨੂੰ ਕੌਮਾਂਤਰੀ ਅਤੇ ਬਾਹਰੀ ਮਸਲਿਆਂ ਤੋਂ ਇਲਾਵਾ ਮਿਲਟਰੀ ਸਬੰਧੀ ਮਸਲਿਆਂ ਵਿਚ ਵੀ ਦਖਲ ਦੇਣ ਦੀ ਲੋੜ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਸੰਗਰੂਰ ਵਿਖੇ ਰੇਲਵੇ ਇੰਜੀਨੀਅਰ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇ ਤਾਂ ਜੋ ਇੱਥੋਂ ਦੇ ਬੱਚੇ ਚੰਗੀ ਪੜ੍ਹਾਈ ਕਰਕੇ ਇਸ ਅਧੀਨ ਨੌਕਰੀ ਕਰ ਸਕਣ। ਉਹਨਾਂ ਦੱਸਿਆ ਕਿ ਪੁਰਾਣੇ ਸਮੇਂ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਰੇਲਵੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਵਿਦੇਸ਼ ਜਾਂਦੇ ਸਨ।
ਰੇਲਵੇ ਜੰਕਸ਼ਨਾਂ ਨੂੰ ਮਾਡਰਨ ਸਟੇਸ਼ਨ ਬਣਾਉਣ ਦੀ ਮੰਗ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 1984 ਤੋਂ ਬਾਅਦ ਪੰਜਾਬੀ ਵਿਦੇਸ਼ਾਂ ਵਿਚ ਚਲੇ ਗਏ, ਜਦੋਂ ਉਹ ਵਾਪਸ ਆਉਂਦੇ ਹਨ ਤਾਂ ਰੇਲਵੇ ਸਟੇਸ਼ਨਾਂ ਦਾ ਹਾਲ ਦੇਖ ਕੇ ਉਹਨਾਂ ਉੱਤੇ ਬੁਰਾ ਅਸਰ ਪੈਂਦਾ ਹੈ। ਉਹਨਾਂ ਕਿਹਾ ਜੇਕਰ ਫਤਹਿਗੜ੍ਹ ਸਾਹਿਬ ਵਿਖੇ ਮਾਡਰਨ ਸਟੇਸ਼ਨ ਬਣਾਇਆ ਜਾਂਦਾ ਤਾਂ ਉਹ ਰਿਣੀ ਹੋਣਗੇ। ਹਿਮਾਚਲ ਦੇ ਸੰਸਦ ਮੈਂਬਰ ਵੱਲੋਂ ਪਠਾਨਕੋਟ ਤੋਂ ਡਲਹੋਜ਼ੀ ਤੱਕ ਰੇਲਵੇ ਲਾਈਨ ਵਿਛਾਉਣ ਦੇ ਫੈਸਲੇ ਦਾ ਸਮਰਥਨ ਕਰਦਿਆਂ ਮਾਨ ਨੇ ਕਿਹਾ ਕਿ ਇਸ ਨੂੰ ਚੰਬਾ ਤੱਕ ਵਧਾਇਆ ਜਾਣਾ ਚਾਹੀਦਾ ਹੈ।