ਪੰਜਾਬ ਵਿਧਾਨ ਸਭਾ ਚੋਣਾਂ: ਪੰਜਾਬ ਕਾਂਗਰਸ ਨੇ ਟਿਕਟ ਦੇ ਚਾਹਵਾਨਾਂ ਲਈ ਜਾਰੀ ਕੀਤੇ ਬਿਨੈ ਪੱਤਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਟਿਕਟ ਦੇ ਚਾਹਵਾਨਾਂ ਲਈ ਅਰਜ਼ੀ ਫਾਰਮ ਜਾਰੀ ਕਰ ਦਿੱਤੇ ਹਨ।
ਚੰਡੀਗੜ੍ਹ: ਪੰਜਾਬ 'ਚ ਅਗਲੇ ਸਾਲ ਦੇ ਸ਼ੁਰੂਆਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਲਈ ਵੱਡੇ-ਵੱਡੇ ਐਲਾਨ ਕਰ ਰਹੀਆਂ ਹਨ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਟਿਕਟ ਦੇ ਚਾਹਵਾਨਾਂ ਲਈ ਅਰਜ਼ੀ ਫਾਰਮ ਜਾਰੀ ਕਰ ਦਿੱਤੇ ਹਨ।
ਇਸ ਦੇ ਨਾਲ ਹੀ ਜਨਰਲ ਕੈਟਾਗਰੀ ਲਈ 10 ਹਜ਼ਾਰ ਫੀਸ ਹੈ, ਜਦਕਿ ਰਿਜ਼ਰਵ ਲਈ ਇਹ ਫੀਸ 5000 ਹੈ। ਆਉਣ ਵਾਲੀਆਂ ਸਾਰੀਆਂ ਅਰਜ਼ੀਆਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਇਹ ਹਾਈਕਮਾਂਡ ਨੂੰ ਭੇਜਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਚੋਣਾਂ ਵਿਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਇਹ ਪ੍ਰਕਿਰਿਆ ਮਿਤੀ 16 ਦਸੰਬਰ 2021 ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਨਾਮਾਂਕਣ ਲਈ ਬਿਨੈ-ਪੱਤਰ ਲੈਣ ਦੀ ਆਖਰੀ ਮਿਤੀ 20 ਦਸੰਬਰ 2021 ਰੱਖੀ ਗਈ ਹੈ। ਜਿਹੜਾ ਵੀ ਕਾਂਗਰਸ ਲੀਡਰ ਨੇ ਵਿਧਾਨ ਸਭਾ ਚੋਣ ਲੜਨ ਲਈ ਆਪਣੀ ਦਾਵੇਦਾਰੀ ਪੇਸ਼ ਕਰਨਾ ਚਾਹੁੰਦਾ ਹੈ, ਉਹ ਨਾਮਾਂਕਣ ਭਰ ਸਕਦਾ ਹੈ।
ਨਾਮਾਂਕਣ ਲਈ ਬਿਨੈ-ਪੱਤਰ ਜ਼ਿਲ੍ਹੇ ਦੇ ਪ੍ਰਧਾਨ/ਕਾਰਜਕਾਰੀ ਪ੍ਰਧਾਨ ਤੋਂ ਜਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਫੇਸਬੁੱਕ ਪੇਜ ਤੋਂ ਫਾਰਮ ਪ੍ਰਾਪਤ ਕੀਤਾ ਜਾ ਸਕਦਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਯੋਗਿੰਦਰ ਪਾਲ ਢੀਂਗਰਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਥੋੜਾ ਸਮਾਂ ਰਹਿ ਗਿਆ ਹੈ ਇਸ ਲਈ ਉਹਨਾਂ ਨੇ ਸਾਰੀਆਂ ਨੂੰ ਇਹ ਨਾਮਾਂਕਣ ਜਲਦ ਤੋਂ ਜਲਦ ਭੇਜਣ ਲਈ ਕਿਹਾ ਹੈ।