CM ਦੀ ਅਗਵਾਈ ਵਿਚ ਸਦਨ ਵੱਲੋਂ ਦੋ ਸਾਬਕਾ ਮੰਤਰੀਆਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਦਨ ਵੱਲੋਂ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਪਿਛਲੇ ਸੈਸ਼ਨ

File Photo

ਚੰਡੀਗੜ੍ਹ 17 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਦਨ ਵੱਲੋਂ ਸ਼ੁੱਕਰਵਾਰ ਨੂੰ
ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਵਿਛੜ ਚੁੱਕੇ ਆਜ਼ਾਦੀ ਘੁਲਾਟੀਆਂ, ਸਿਆਸਤਦਾਨਾਂ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ।
ਸਦਨ ਵੱਲੋਂ ਸੁਤੰਤਰਤਾ ਸੰਗਰਾਮੀਆਂ ਰਾਜ ਕੁਮਾਰ, ਜੀਵਨ ਸਿੰਘ ਅਤੇ ਮਹਿੰਦਰ ਸਿੰਘ ਸਲੂਜਾ ਸਮੇਤ ਸਾਬਕਾ ਮੰਤਰੀਆਂ ਜਸਬੀਰ ਸਿੰਘ ਅਤੇ

ਸੁਖਦੇਵ ਸਿੰਘ ਸਹਿਬਾਜ਼ਪੁਰੀ ਅਤੇ ਦੋ ਸਾਬਕਾ ਵਿਧਾਇਕਾਂ ਕਾਮਰੇਡ ਬੂਟਾ ਸਿੰਘ ਅਤੇ ਦਲਜੀਤ ਕੌਰ ਪਡਿਆਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਦਨ ਵੱਲੋਂ ਮਹਾਵੀਰ ਚੱਕਰ ਐਵਾਰਡੀ ਬ੍ਰਿਗੇਡਿਅਰ ਮਨਜੀਤ ਸਿੰਘ ਨੂੰ ਵੀ ਯਾਦ ਕੀਤਾ ਗਿਆ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਮੁਹੰਮਦ ਸ਼ਰੀਫ ਈਦੂ ਤੋਂ ਇਲਾਵਾ ਉੱਘੇ ਸੰਪਾਦਕ ਅਤੇ ਪੰਜਾਬੀ ਕਾਲਮਵੀਸ ਸ਼ਿੰਗਾਰਾ ਸਿੰਘ ਭੁੱਲਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

15ਵੀਂ ਵਿਧਾਨ ਸਭਾ ਦੇ ਦਸਵੇਂ ਵਿਸ਼ੇਸ਼ ਇਜਲਾਸ ਦੇ ਦੂਸਰੇ ਦਿਨ ਸ਼ਰਧਾਂਜਲੀਆਂ ਭੇਟ ਕਰਦਿਆਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਿਆ ਗਿਆ। ਇਸ ਦੌਰਾਨ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਪਿਛਲੇ ਸੈਸ਼ਨ ਤੋਂ ਬਾਅਦ ਵਿਛੜ ਚੁੱਕੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। 10 ਉੱਘੀਆਂ ਸਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ, ਉਨ੍ਹਾਂ ਨੇ ਸਦਨ ਵੱਲੋਂ ਇਹਨਾਂ ਸ਼ਖਸੀਅਤਾਂ ਦੇ ਪਰਿਵਾਰਾਂ ਨਾਲ ਸੋਗ ਪ੍ਰਗਟ ਕਰਨ ਲਈ ਮਤਾ ਵੀ ਪਾਸ ਕੀਤਾ।

ਇਹ ਮਤਾ ਜ਼ੁਬਾਨੀ ਵੋਟ ਰਾਹੀਂ ਪਾਸ ਕੀਤਾ ਗਿਆ। ਸਪੀਕਰ ਵੱਲੋਂ ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਦੇ ਮਾਤਾ ਸ੍ਰੀਮਤੀ ਰਾਜ ਰਾਣੀ ਅਤੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਵੀ ਤਜਵੀਜ਼ ਕੀਤੀ ਗਈ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਬੇਨਤੀ 'ਤੇ ਉੱਘੇ ਪੰਜਾਬੀ ਲੇਖਕ ਅਤੇ ਸਿੱਖ ਇਤਿਹਾਸਕਾਰ ਪ੍ਰੋ. ਸੁਰਜੀਤ ਹਾਂਸ ਦਾ ਨਾਮ ਵੀ ਸ਼ਰਧਾਜਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਵਿਧਾਇਕ ਰਣਦੀਪ ਸਿੰਘ ਨਾਭਾ ਦੀ ਬੇਨਤੀ 'ਤੇ ਸਪੀਕਰ ਨੇ ਉੱਘੇ ਆਜ਼ਾਦੀ ਘੁਲਾਟੀਏ ਬਾਬਾ ਕਿਸ਼ਨ ਸਿੰਘ ਦੇ ਪੁੱਤਰ ਸੀਨੀਅਰ ਪੱਤਰਕਾਰ ਹਰਦੇਵ ਸਿੰਘ ਦਾ ਨਾਂ ਸ਼ਰਧਾਜਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਸਹਿਮਤੀ ਵੀ ਦਿੱਤੀ।