ਪਾਣੀਆਂ ਦਾ ਮੁੱਦਾ : ਕੈਪਟਨ ਨੇ ਸੱਦੀ ਆਲ ਪਾਰਟੀ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਬੈਂਸ ਭਰਾਵਾਂ ਵਲੋਂ ਪਾਣੀਆਂ ਸਬੰਧੀ ਜੰਗ ਜਾਰੀ ਰੱਖਣ ਦਾ ਅਹਿਦ

file photo

ਚੰਡੀਗੜ੍ਹ : ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਹੈ।  ਮੀਟਿੰਗ ਦੌਰਾਨ ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਤੋਂ ਇਲਾਵਾ ਪਾਣੀ ਦੇ ਡਿੱਗਦੇ ਪੱਧਰ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

23 ਜਨਵਰੀ ਨੂੰ ਬੁਲਾਈ ਗਈ ਇਸ ਮੀਟਿੰਗ ਦੌਰਾਨ ਪਾਣੀਆਂ ਦੇ ਮੁੱਦਿਆਂ ਨਾਲ ਨਜਿੱਠਣ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਲੋਂ ਇਸ ਮੁੱਦੇ ਪਹਿਲਾਂ ਵੀ ਮੀਟਿੰਗ ਬੁਲਾਈ ਗਈ ਸੀ। ਉਧਰ ਬੈਂਸ ਭਰਾਵਾਂ ਵਲੋਂ ਵੀ ਪਾਣੀ ਦੇ ਮੁੱਦੇ 'ਤੇ ਸਰਗਰਮੀ ਵਿਖਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ  ਆਉਂਦੇ ਦਿਨਾਂ 'ਚ ਬਿਜਲੀ ਦੇ ਨਾਲ ਨਾਲ ਪਾਣੀਆਂ ਦਾ ਮੁੱਦਾ ਵੀ ਵੱਡੇ ਪੱਧਰ 'ਤੇ ਛਾਏ ਰਹਿਣ ਦੀ ਸੰਭਾਵਨਾ ਹੈ।

ਦੱਸ ਦਈਏ ਕਿ ਇਸ ਮੁੱਦੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਪੰਜਾਬ ਵਿਧਾਨ ਸਭਾ ਬਾਹਰ ਪ੍ਰਦਰਸ਼ਨ ਕਰਦਿਆਂ ਅਪਣੇ ਇਰਾਦੇ ਜਾਹਰ ਕੀਤੇ ਜਾ ਚੁੱਕੇ ਹਨ। ਪ੍ਰਦਰਸ਼ਨ ਦੌਰਾਨ ਬੈਂਸ ਭਰਾਵਾਂ ਨੇ ਕੇਂਦਰ ਦੀ 'ਅਟੱਲ ਜਲ ਯੋਜਨਾ' ਵਿਚੋਂ ਪੰਜਾਬ ਦਾ ਨਾਮ ਕੱਢੇ ਜਾਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਗਿਆ।

ਬੈਂਸ ਭਰਾਵਾਂ ਵਲੋਂ ਗੁਆਢੀ ਸੂਬਿਆਂ ਤੋਂ ਪਾਣੀਆਂ ਦੀ ਕੀਮਤ ਵਸੂਲੀ ਦਾ ਮਸਲਾ ਵੀ ਉਠਾਇਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਨੇ ਇਕੱਲੇ ਰਾਜਸਥਾਨ ਤੋਂ ਹੀ ਪਾਣੀਆਂ ਸਬੰਧੀ 16 ਲੱਖ ਕਰੋੜ ਰੁਪਏ ਲੈਣੇ ਹਨ। ਉਨ੍ਹਾਂ ਕੈਪਟਨ ਸਰਕਾਰ ਵਲੋਂ ਪਾਣੀਆਂ ਦੇ ਬਿੱਲ ਨਾ ਭੇਜਣ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਪਾਣੀਆਂ ਦੀ ਕੀਮਤ ਵਸੂਲੀ ਲਈ ਆਖ਼ਰੀ ਦਮ ਤਕ ਲੜਦੇ ਰਹਿਣਗੇ।

ਕਾਬਲੇਗੌਰ ਹੈ ਕਿ ਜਿਉਂ ਜਿਉਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਤਿਉਂ ਤਿਉਂ ਸਿਆਸੀ ਗਲਿਆਰਿਆਂ ਅੰਦਰ ਸਰਗਰਮੀਆਂ ਵਧਦੀਆਂ ਜਾ ਰਹੀਆਂ। ਇਸ ਵਕਤ ਸਾਰੀਆਂ ਪਾਰਟੀਆਂ ਦੀ ਹਾਲਤ ਲਗਭਗ ਇਕੋ ਜਿਹੀ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਤੇ ਹੋਰ ਮੁੱਦਿਆਂ ਕਾਰਨ ਹਾਸ਼ੀਏ 'ਤੇ ਜਾਣ ਤੋਂ ਬਾਅਦ ਹੁਣ ਪਾਰਟੀ ਅੰਦਰਲੀ ਬਗਾਵਤ ਕਾਰਨ ਅਪਣੀ ਹੋਂਦ ਬਚਾਉਣ ਲਈ ਤਰਲੋਮੱਛੀ ਹੋ ਰਹੀ ਹੈ।

ਉਥੇ ਹੀ ਸੱਤਾਧਾਰੀ ਧਿਰ ਦੀ ਹਾਲਤ ਵੀ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰ ਸਕਣ ਕਾਰਨ ਬਹੁਤੀ ਵਧੀਆ ਨਹੀਂ। ਆਮ ਆਦਮੀ ਪਾਰਟੀ ਦੇ ਹਾਲਾਤ ਵੀ ਅਜਿਹੇ ਹੀ ਹਨ। ਸੋ ਸਾਰੀਆਂ ਧਿਰਾਂ ਹੁਣ ਤੋਂ ਹੀ ਬਿਜਲੀ ਪਾਣੀ ਤੇ ਹੋਰ ਲੋਕ ਮੁੱਦਿਆਂ ਨੂੰ ਉਭਾਰ ਕੇ ਅਪਣੀ ਸਿਆਸੀ ਪੈਂਠ ਬਣਾਉਣ 'ਚ ਰੁੱਝੀਆਂ ਹੋਈਆਂ ਹਨ। ਇਸ ਦੇ ਮੱਦੇਨਜ਼ਰ ਆਉਂਦੇ ਦਿਨਾਂ 'ਚ ਲੋਕ ਮੁੱÎਦਿਆਂ ਦੇ ਭਾਰੂ ਰਹਿਣ ਦੀ ਉਮੀਦ ਹੈ।