ਕੈਪਟਨ ਸਰਕਾਰ ਨੂੰ ਵੱਡਾ ਝਟਕਾ, ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ
ਸੈਂਟ੍ਰਲ ਐਡਮਿਨੀਸਟ੍ਰੇਟਿਵ ਟ੍ਰਿਬੂਨਲ (ਕੈਟ) 'ਚ ਸ਼ੁੱਕਰਵਾਰ ਨੂੰ ਪੰਜਾਬ ਦੇ ਡੀਜੀਪੀ ਅਹੁਦੇ 'ਤੇ ਦਿਨਕਰ ਗੁਪਤਾ ਦੀ ਨਿਯੁਕਤੀ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ਨੂੰ
ਚੰਡੀਗੜ੍ਹ : ਸੈਂਟ੍ਰਲ ਐਡਮਿਨੀਸਟ੍ਰੇਟਿਵ ਟ੍ਰਿਬੂਨਲ (ਕੈਟ) 'ਚ ਸ਼ੁੱਕਰਵਾਰ ਨੂੰ ਪੰਜਾਬ ਦੇ ਡੀਜੀਪੀ ਅਹੁਦੇ 'ਤੇ ਦਿਨਕਰ ਗੁਪਤਾ ਦੀ ਨਿਯੁਕਤੀ ਖ਼ਿਲਾਫ਼ ਦਾਇਰ ਕੀਤੀ ਗਈ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਪੰਜਾਬ ਦੀ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੇ ਡੀਜੀਪੀ ਮੁਹੰਮਦ ਮੁਸਤਫ਼ਾ ਤੇ ਪੀਐੱਸਪੀਸੀਐੱਲ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਡੀਜੀਪੀ ਅਹੁਦੇ ਲਈ ਨਿਯੁਕਤ ਕੀਤੇ ਗਏ ਦਿਨਕਰ ਗੁਪਤਾ ਨੂੰ ਕੈਟ 'ਚ ਚੁਣੌਤੀ ਦਿੱਤੀ ਸੀ।
ਦੋਵਾਂ ਨੇ ਇਹ ਪਟੀਸ਼ਨ ਯੂਪੀਐੱਸਸੀ, ਯੂਨੀਅਨ ਆਫ ਇੰਡੀਆ, ਪੰਜਾਬ ਸਰਕਾਰ, ਦਿਨਕਰ ਗੁਪਤਾ ਖ਼ਿਲਾਫ਼ ਦਾਇਰ ਕੀਤੀ ਸੀ। ਦਾਇਰ ਪਟੀਸ਼ਨ 'ਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਹ ਨਿਯੁਕਤ ਕੀਤੇ ਗਏ ਡੀਜੀਪੀ ਤੋਂ ਸੀਨੀਅਰ ਹਨ ਤੇ ਮੈਰਿਟ ਬੇਸ 'ਚ ਵੀ ਉਨ੍ਹਾਂ ਤੋਂ ਅੱਗੇ ਹਨ। ਇਸ ਲਈ ਦਿਨਕਰ ਤੋਂ ਪਹਿਲਾਂ ਡੀਜੀਪੀ ਬਣਨ ਦਾ ਅਧਿਕਾਰ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।
ਉੱਥੇ ਹੀ 1985-ਬੈਚ ਦੇ ਅਧਿਕਾਰੀ ਮੁਹੰਮਦ ਮੁਸਤਫ਼ਾ ਦੇ ਵਕੀਲ ਨੇ ਆਪਣੀ ਦਲੀਲ 'ਚ ਕਿਹਾ ਸੀ ਕਿ ਡੀਜੀਪੀ ਲਿਸਟ 'ਚੋਂ ਉਹ ਸਭ ਤੋਂ ਸੀਨੀਅਰ ਹਨ। ਉਨ੍ਹਾਂ ਦਾ ਪੁਲਿਸ 'ਚ ਰਿਕਾਰਡ ਵੀ ਚੰਗਾ ਰਿਹਾ ਹੈ। ਪਟੀਸ਼ਨ ਦਾਇਰ ਕਰ ਕੇ ਉਨ੍ਹਾਂ ਯੀਪੀਐੱਸਸੀ ਨੂੰ ਨਵੇਂ ਪੈਨਲ ਬਣਾਉਣ ਲਈ ਡਾਇਰੈਕਸ਼ਨ ਦੇਣ ਦੀ ਅਪੀਲ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਪੰਜਾਬ ਸਰਕਾਰ 'ਚ ਅਤਿਵਾਦ ਦੇ ਦੌਰ ਤੋਂ ਲੈ ਕੇ ਹੁਣ ਤਕ ਕਈ ਅਹਿਮ ਵਿਭਾਗਾਂ 'ਚ ਕੰਮ ਕੀਤਾ ਹੈ।
ਹਾਲ ਹੀ 'ਚ ਪੰਜਾਬ ਨੇ ਦਿਨਕਰ ਗੁਪਤਾ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਸੀ। ਮੁਸਤਫ਼ਾ ਦਾ ਨਾਂ ਵੀ ਉਸ ਸੂਚੀ 'ਚ ਸੀ ਜੋ ਪੰਜਾਬ ਸਰਕਾਰ ਵੱਲੋਂ ਯੂਪੀਐੱਸਸੀ ਨੂੰ ਭੇਜੀ ਗਈ ਸੀ। ਪਰ ਯੂਪੀਸੀਐੱਸਸੀ ਵੱਲੋਂ ਜਿਨ੍ਹਾਂ ਤਿੰਨ ਅਧਿਕਾਰੀਆਂ ਦਾ ਨਾਂ ਸ਼ਾਰਟਲਿਸਟ ਕੀਤਾ ਗਿਆ, ਉਨ੍ਹਾਂ ਵਿਚ ਮੁਸਤਫ਼ਾ ਦਾ ਨਾਂ ਨਹੀਂ ਸੀ। ਯੂਪੀਐੱਸਸੀ ਵੱਲੋਂ ਜਿਹੜਾ ਪੈਨਲ ਭੇਜਿਆ ਗਿਆ ਸੀ ਉਸ ਵਿਚ ਦਿਨਕਰ ਗੁਪਤਾ, ਐੱਮਕੇ ਤਿਵਾੜੀ ਤੇ ਵੀਕੇ ਭਾਂਵਰਾ ਦੇ ਨਾਂ ਸਨ ਜਿਨ੍ਹਾ ਵਿੱਚੋਂ ਗੁਪਤਾ ਨੂੰ ਸਿਲੈਕਟ ਕੀਤਾ ਗਿਆ ਸੀ।