ਡੀਜੀਪੀ ਦਿਨਕਰ ਗੁਪਤਾ ਨੇ ਏਆਈਜੀ ਆਸ਼ੀਸ਼ ਕਪੂਰ ਨਾਲ ਸੰਬੰਧਤ ਜਾਂਚ ਰਿਪੋਰਟ ਮੰਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਔਰਤ ਨਾਲ ਜਬਰ-ਜਨਾਹ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ AIG ਵਿਜੀਲੈਂਸ ਆਸ਼ੀਸ਼...

Dinkar Gupta

ਚੰਡੀਗੜ੍ਹ: ਔਰਤ ਨਾਲ ਜਬਰ-ਜਨਾਹ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ AIG ਵਿਜੀਲੈਂਸ ਆਸ਼ੀਸ਼ ਕਪੂਰ ਦੀ ਗ੍ਰਿਫ਼ਤਾਰੀ ਤਾਂ ਭਾਵੇਂ ਟਲ ਗਈ ਹੈ ਪਰ ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਇਸ AIG ਨਾਲ ਸਬੰਧਤ ਮਾਮਲਿਆਂ ਦੀ ਜਾਂਚ ਰਿਪੋਰਟ ਤਲਬ ਕਰ ਲਈ ਹੈ। ਇਸ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਉਹ ਅੱਗੇ ਕਾਰਵਾਈ ਦੇ ਹੁਕਮ ਜਾਰੀ ਕਰਨਗੇ।

ਪੰਜਾਬ ਪੁਲਿਸ ਦੀ ਸੰਗਠਤ ਕ੍ਰਾਈਮ ਕੰਟਰੋਲ ਯੂਨਿਟ ਵੱਲੋਂ ਏਆਈਜੀ ਉੱਤੇ ਲੱਗੇ ਦੋਸ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਬਰ-ਜਨਾਹ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਮੁਲਜ਼ਮ ਬਣਾਏ ਜਾਣ ਤੋਂ ਬਾਅਦ ਆਸ਼ੀਸ਼ ਕਪੂਰ ਨੇ ਸੂਬੇ ਦੇ ਮੁੱਖ ਮੰਤਰੀ, ਮੁੱਖ ਸਕੱਤਰ, ਡੀਜੀਪੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਸਫ਼ਾਈ ਦਿੱਤੀ ਸੀ ਕਿ ਉਹ ਨਿਰਦੋਸ਼ ਹਨ ਤੇ ਉਨ੍ਹਾਂ ਨੂੰ ਗ਼ਲਤ ਤਰੀਕੇ ਫਸਾਇਆ ਜਾ ਰਿਹਾ ਹੈ। ਆਸ਼ੀਸ਼ ਕਪੂਰ ਦਾ ਇਹ ਵੀ ਕਹਿਣਾ ਹੈ ਕਿ ਇੱਕ ਅਜਿਹੀ ਔਰਤ ਦੀ ਸ਼ਿਕਾਇਤ ਉੱਤੇ ਉਨ੍ਹਾਂ ਨੂੰ ਮੁਲਜ਼ਮ ਬਣਾ ਦਿੱਤਾ ਗਿਆ ਹੈ।

 ਜਿਸ ਦਾ ਆਪਣਾ ਰਿਕਾਰਡ ਅਪਰਾਧਕ ਰਿਹਾ ਹੈ। ਉਸ ਔਰਤ ਵਿਰੁੱਧ ਕਈ ਮਾਮਲੇ ਦਰਜ ਹਨ ਤੇ ਕਈ ਮਾਮਲਿਆਂ ਵਿੱਚ ਅਦਾਲਤ ਵੱਲੋਂ ਉਸ ਨੂੰ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ। ਇਸ ਦੇ ਨਾਲ ਹੀ ਆਸ਼ੀਸ਼ ਕਪੂਰ ਨੇ ਆਪਣੀ ਚਿੱਠੀ ਵਿੱਚ OCCU ਦੇ ਮੁਖੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਉੱਤੇ ਵੀ ਉਂਗਲ਼ ਉਂਠਾਉਂਦਿਆਂ ਦੋਸ਼ ਲਾਇਆ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਉਨ੍ਹਾਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਫਸਾਉਣਾ ਚਾਹੁੰਦੇ ਹਨ।

ਇਸ ਲਈ ਸਾਰੇ ਮਾਮਲੇ ਦੀ ਜਾਂਚ ਕਿਸੇ ਹੋਰ ਅਧਿਕਾਰੀ ਹਵਾਲੇ ਕੀਤੀ ਜਾਵੇ। ਇਸੇ ਲਈ DGP ਦਿਨਕਰ ਗੁਪਤਾ ਨੇ ਜਾਂਚ ਦੀ ਮੁਕੰਮਲ ਰਿਪੋਰਟ ਤਲਬ ਕਰ ਲਈ ਹੈ।