ਕੁਮਾਰ ਵਿਸ਼ਵਾਸ ਦੇ ਬਿਆਨ ਦੀ ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ- ਸੁਨੀਲ ਜਾਖੜ
ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਅਰਵਿੰਦ ਕੇਜਰੀਵਾਲ ਨੇ ਬਹੁਤ ਖ਼ਤਰਨਾਕ ਕਿਸਮ ਦੇ ਬਿਆਨ ਦਿੱਤੇ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਨੇ ਅਰਵਿੰਦ ਕੇਜਰੀਵਾਲ ਉੱਤੇ ਗੰਭੀਰ ਆਰੋਪ ਲਗਾਏ ਹਨ। ਇਸ ਬਿਆਨ ਤੋਂ ਬਾਅਦ ਪੰਜਾਬ ਵਿਚ ਚੋਣਾਂ ਦਾ ਮਾਹੌਲ ਹੋਰ ਭਖ ਗਿਆ ਹੈ। ਕੁਮਾਰ ਵਿਸ਼ਵਾਸ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਅਰਵਿੰਦ ਕੇਜਰੀਵਾਲ ਨੇ ਬਹੁਤ ਖ਼ਤਰਨਾਕ ਕਿਸਮ ਦੇ ਬਿਆਨ ਦਿੱਤੇ।
Arvind Kejriwal and Kumar Vishwas
ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਕੁਮਾਰ ਵਿਸ਼ਵਾਸ ਵਲੋਂ ਲਗਾਏ ਗਏ ਇਲਜ਼ਾਮ ਬਹੁਤ ਗੰਭੀਰ ਹਨ। ਦੇਸ਼ ਨੂੰ ਟੁਕੜੇ ਟੁਕੜੇ ਕਰਕੇ ਜੇਕਰ ਕਿਸੇ ਦੇ ਦਿਲ ਵਿਚ ਪ੍ਰਧਾਨ ਮੰਤਰੀ ਬਣਨ ਬਾਰੇ ਸੋਚ ਵੀ ਹੈ, ਉਹ ਦੇਸ਼ ਧ੍ਰੋਹ ਤੋਂ ਘੱਟ ਨਹੀਂ ਹੈ। ਉਹਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਹਨਾਂ ਬਿਆਨਾਂ ਦੀ ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ। ਜੇਕਰ ਇਹ ਬਿਆਨ ਸਹੀ ਹਨ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੁਨੀਲ ਜਾਖੜ ਨੇ ਕਿਹਾ ਕਿ ਇਹ ਪੂਰੇ ਦੇਸ਼ ਦਾ ਮਾਮਲਾ ਹੈ।
Arvind Kejriwal
ਸੁਨੀਲ ਜਾਖੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਪੰਜਾਬ ਦਾ ਹਿੰਦੂ ਡਰਿਆ ਹੋਇਆ ਹੈ। ਇਸ ਬਿਆਨ ਨਾਲ ਉਹਨਾਂ ਨੇ ਖੁਦ ਨੂੰ ਹਿੰਦੂ ਹਿਤੈਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸਿੱਖ ਅਤਿਵਾਦੀ ਨਹੀਂ ਅਤੇ ਨਾ ਹੀ ਹਿੰਦੂ ਡਰਪੋਕ ਹਨ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਨਫ਼ਰਤ ਅਤੇ ਜ਼ਹਿਰ ਬੀਜਣਾ ਬੰਦ ਕਰਨ।
Sunil Jakhar
ਸੁਨੀਲ ਜਾਖੜ ਨੇ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਪੰਜਾਬ ਹੈ ਜਿੱਥੋਂ ਉਹਨਾਂ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ। ਉਹਨਾਂ ਕਿਹਾ ਕਿ ਅਜਿਹਾ ਲੱਗ ਰਿਹਾ ਕਿ ਕੇਜਰੀਵਾਲ ਦੇਸ਼ ਵਿਚ ਵੱਖਵਾਦੀ ਸੰਗਠਨਾਂ ਦੇ ਬੁਲਾਰੇ ਵਜੋਂ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਕੁਮਾਰ ਵਿਸ਼ਵਾਸ ਨੇ ਬੀਤੇ ਦਿਨ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਖ਼ਾਲਿਸਤਾਨ ਦੇ ਸਮਰਥਕ ਹਨ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਉਹ ਆਜ਼ਾਦ ਪੰਜਾਬ ਦੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਨਗੇ।
Tweet
ਕੁਮਾਰ ਵਿਸ਼ਵਾਸ਼ ਵੱਲੋਂ ਕੇਜਰੀਵਾਲ 'ਤੇ ਲਗਾਏ ਦੋਸ਼ਾਂ ਨੂੰ ਲੈ ਕੇ CM ਚੰਨੀ ਦਾ ਟਵੀਟ
ਇਸ ਸਬੰਧੀ ਟਵੀਟ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਲਿਖਿਆ, “'AAP' ਦੇ ਸਹਿ-ਸੰਸਥਾਪਕ ਅਤੇ ਕੇਜਰੀਵਾਲ ਦੇ ਇਕ ਸਮੇਂ ਦੇ ਸਭ ਤੋਂ ਨਜ਼ਦੀਕੀ ਸਾਥੀ ਨੇ ਕੇਜਰੀਵਾਲ ਦੇ ਪੰਜਾਬ ਪ੍ਰਤੀ ਅਸਲ ਇਰਾਦਿਆਂ ਅਤੇ ਯੋਜਨਾਵਾਂ ਦਾ ਗੰਭੀਰ ਖੁਲਾਸਾ ਕੀਤਾ ਹੈ ਪਰ ਕਾਂਗਰਸ ਹਮੇਸ਼ਾ ਪੰਜਾਬ ਦੀ ਸ਼ਾਂਤੀ ਲਈ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ।“।