ਪੁਲਿਸ ਨੂੰ ਮਿਲੀ ਵੱਡੀ ਕਾਰਵਾਈ : ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਤੋਂ 1 ਕਿੱਲੋ 130 ਗ੍ਰਾਮ ਹੈਰੋਇਨ ਬਰਾਮਦ

Drugs

ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਪੁਲਿਸ ਵਿਭਾਗ ਨੇ ਕਮਰ ਕਸ ਲਈ ਹੈ। ਪੁਲਿਸ ਨੇ ਨਸ਼ਾ ਤਸਕਰਾਂ 'ਤੇ ਨਜ਼ਰ ਰੱਖਣ ਲਈ ਸਪੈਸ਼ਲ ਟੀਮ ਬਣਾਈ ਹੈ। ਨਸ਼ਾ ਰੋਕੂ ਮੁਹਿੰਮ ਤਹਿਤ ਅੱਜ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ।

ਅੱਜ ਲੁਧਿਆਣਾ ਤੋਂ ਇੱਕ ਕਿੱਲੋ ਤੋਂ ਵੱਧ ਮਾਤਰਾ 'ਚ ਹੈਰੋਇਨ ਬਰਾਮਤ ਕੀਤੀ ਗਈ। ਪੁਲਿਸ ਟੀਮ ਨੇ ਨਾਕਾਬੰਦੀ ਕਰ ਕੇ ਮੁਲਜ਼ਮ ਕੁਲਦੀਪ ਸਿੰਘ ਟੀਟੂ ਅਤੇ ਗੋਬਿੰਦ ਨੂੰ ਮੁਖਬਰੀ ਦੇ ਆਧਾਰ 'ਤੇ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 1 ਕਿੱਲੋ 130 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 6 ਕਰੋੜ ਤੋਂ ਵੱਧ ਦੱਸੀ ਜਾਂਦੀ ਹੈ। ਮੁਲਜ਼ਮ ਕੁਲਦੀਪ ਵਿਰੁੱਧ ਥਾਣਾ ਡਵੀਜਨ ਨੰਬਰ 6 ਅਤੇ ਗੋਬਿੰਦ ਵਿਰੁੱਧ ਥਾਣਾ ਬਸਤੀ ਜੋਧੇਵਾਲ 'ਚ ਐਨਡੀਪੀਐਸ ਐਕਤ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

265 ਗ੍ਰਾਮ ਹੈਰੋਇਨ ਸਮੇਤ ਇਕ ਤਸਕਰ ਗ੍ਰਿਫ਼ਤਾਰ : ਤਰਨਤਾਰਨ ਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਇਕ ਤਸਕਰ ਨੂੰ 265 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਏਐਸਆਈ ਅਨੋਖ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਵਿਅਕਤੀ ਭਾਰੀ ਮਾਤਰਾ 'ਚ ਹੈਰੋਇਨ ਲੈ ਕੇ ਇਲਾਕੇ 'ਚ ਆ ਰਿਹਾ ਹੈ। ਜਿਸ ਨੂੰ ਸੂਚਨਾ ਦੇ ਅਧਾਰ ਤੇ ਪਿੰਡ ਕਸੇਲ ਨੇੜੇ ਤੋਂ ਕਾਬੂ ਕਰ ਲਿਆ। ਪੁੱਛਗਿੱਛ ਕਰਨ 'ਤੇ ਵਿਅਕਤੀ ਨੇ ਆਪਣੀ ਪਛਾਣ ਮਲਕੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਾਜਾਤਾਲ ਦੇ ਤੌਰ 'ਤੇ ਦੱਸੀ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਤੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ।

2 ਕਿਲੋ ਹੈਰੋਇਨ ਬਰਾਮਦ : ਬੀਐਸਐਫ ਦੀ 169 ਬਟਾਲੀਅਨ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੀ.ਓ.ਪੀ. ਜੀ.ਜੀ.-1 ਨੇੜਿਉਂ ਕੰਡਿਆਲੀ ਤਾਰ ਤੋਂ ਜ਼ਮੀਨ 'ਚ ਦੱਬੀ 4 ਪੈਕੇਟ ਹੈਰੋਇਨ ਬਰਾਮਦ ਕੀਤੀ, ਜਿਸ ਦਾ ਭਾਰਤ 2 ਕਿਲੋਗ੍ਰਾਮ ਸੀ। ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ।

10 ਹਜ਼ਾਰ ਲੀਟਰ ਸ਼ਰਾਬ ਕੈਮੀਕਲ ਬਰਾਮਦ : ਜਲੰਧਰ ਪੁਲਿਸ ਨੇ ਜੀਟੀ ਰੋਡ ਗੋਰਾਇਆ ਤੋਂ 10 ਹਜ਼ਾਰ ਲੀਟਰ ਤੋਂ ਜ਼ਿਆਦਾ ਸ਼ਰਾਬ ਬਣਾਉਣ 'ਚ ਇਸਤੇਮਾਲ ਹੋਣ ਵਾਲਾ ਕੈਮੀਕਲ ਬਰਾਮਦ ਕਰ ਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਨੇ ਸ਼ੱਕ ਪ੍ਰਗਟਾਇਆ ਕਿ ਇਸ ਕੈਮੀਕਲ 'ਚ ਭਾਰੀ ਮਾਤਰਾ 'ਚ ਸ਼ਰਾਬ ਬਣਾ ਕੇ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਇਸਤੇਮਾਲ ਕੀਤੀ ਜਾਣੀ ਸੀ। 10,000  ਲੀਟਰ ਕੈਮੀਕਲ ਟਰੱਕ 'ਚ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ। ਕੈਮੀਕਲ ਨੂੰ ਪਲਾਸਟਿਕ ਕੈਨੀਆਂ 'ਚ ਭਰ ਕੇ ਕੈਟਲ ਫੀਡ ਦੀਆਂ ਬੋਰੀਆਂ 'ਚ ਲੁਕਾਇਆ ਗਿਆ ਸੀ। ਪੁਲਿਸ ਨੇ ਮਾਮਲਿਆਂ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।