ਡੇਰਾ ਸਿਰਸਾ ਦੀਆਂ ਵੋਟਾਂ ਦੀ ਝਾਕ ਰੱਖਣ ਵਾਲਿਆਂ ਨੂੰ ਅਕਾਲ ਤਖ਼ਤ ਵਲੋਂ ਸਖ਼ਤ ਤਾੜਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਪਹਿਲਾਂ ਹੀ ਕਰ ਚੁੱਕੀ ਹੈ ਡੇਰਾ ਸਿਰਸਾ ਦੇ ਸਮਰਥਨ ਤੋਂ ਇਨਕਾਰ

Giani Harpreet Singh

ਚੰਡੀਗੜ੍ਹ : ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਉਹ ਡੇਰਾ ਸਿਰਸਾ ਨਾਲ ਕਿਸੇ ਵੀ ਕਿਸਮ ਦਾ ਸਬੰਧ ਨਾ ਰੱਖਣ ਅਤੇ ਇਸ ਸਬੰਧੀ ਜਾਰੀ ਹੁਕਮਾਂ ਦੀ ਹਰ ਹਾਲਤ ਵਿਚ ਪਾਲਣਾ ਨੂੰ ਯਕੀਨੀ ਬਣਾਉਣ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਤਾੜਨਾ ਉਨ੍ਹਾਂ ਸਿਆਸੀ ਲੀਡਰਾਂ ਜਾਂ ਪਾਰਟੀਆਂ ਨੂੰ ਕੀਤੀ ਹੈ ਜੋ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੇਰਾ ਸਿਰਸਾ ਦੇ ਸਮਰਥਨ ਦੀ ਝਾਕ ਰੱਖ ਰਹੇ ਹਨ।

ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੇ ਤਾਂ ਭਾਵੇਂ ਡੇਰਾ ਸਿਰਸਾ ਦਾ ਸਮਰਥਨ ਲੈਣ ਤੋਂ ਸਾਫ਼ ਸ਼ਬਦਾਂ ਵਿਚ ਇਨਕਾਰ ਕਰ ਦਿਤਾ ਹੈ ਪਰ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮਾਮਲੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਹੀ ਚੱਲਣ ਦੀ ਗੱਲ ਆਖੀ ਸੀ ਜਦਕਿ ਕੁੱਝ ਦਿਨ ਪਹਿਲਾਂ ਮਹਿਲਾ ਅਕਾਲੀ ਦਲ ਦੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਕਿ ਡੇਰਾ ਸਿਰਸਾ ਦੇ ਸਮਰਥਨ ਬਾਰੇ ਫ਼ੈਸਲਾ ਸੁਖਬੀਰ ਬਾਦਲ ਕਰਨਗੇ।

ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵਉੱਚ ਅਦਾਲਤ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ। ਇਸ ਲਈ ਭਵਿੱਖ ਵਿਚ ਕੋਈ ਵੀ ਫ਼ੈਸਲਾ ਕੌਮੀ ਭਾਵਨਾਵਾਂ ਨੂੰ ਮੁੱਖ ਰੱਖ ਕੇ ਹੀ ਲਿਆ ਜਾਵੇਗਾ। ਦਸ ਦਈਏ ਕਿ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਡੇਰਾ ਸਿਰਸਾ ਦੇ ਸੌਦਾ ਸਾਧ ਸਮਰਥਨ ਲੈਣ ਕਾਰਨ ਸਿੱਖ ਕੌਮ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਪਿੱਛੇ ਡੇਰਾ ਪ੍ਰੇਮੀਆਂ ਦਾ ਹੱਥ ਹੋਣ ਦੀ ਗੱਲ ਸਾਹਮਣੇ ਆ ਰਹੀ ਸੀ।

ਕਾਂਗਰਸ ਨੇ ਮੌਕਾ ਸਾਂਭਦਿਆਂ ਪਹਿਲਾਂ ਹੀ ਡੇਰਾ ਸਿਰਸਾ ਦਾ ਸਮਰਥਨ ਲੈਣ ਤੋਂ ਸਾਫ਼ ਇਨਕਾਰ ਕਰ ਦਿਤਾ ਹੈ। ਹੁਣ ਅਕਾਲ ਤਖ਼ਤ ਸਾਹਿਬ ਦੀ ਤਾੜਨਾ ਮਗਰੋਂ ਇਹ ਵੀ ਸਾਫ਼ ਹੋ ਗਿਆ ਹੈ ਕਿ ਜੋ ਵੀ ਪਾਰਟੀ ਸੌਦਾ ਸਾਧ ਦਾ ਸਮਰਥਨ ਲਵੇਗੀ, ਉਸ ਨੂੰ ਫਿਰ ਤੋਂ ਸਿੱਖ ਕੌਮ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ।