ਬਠਿੰਡਾ ਤੋਂ ਚੋਣ ਲੜਨ ਦਾ ਮਕਸਦ ਸਿਰਫ਼ ਹਰਸਿਮਰਤ ਕੌਰ ਬਾਦਲ ਨੂੰ ਟੱਕਰ ਦੇਣਾ : ਸੁਖਪਾਲ ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਕਰ ਹਰਸਿਮਰਤ ਬਾਦਲ ਫਿਰੋਜ਼ਪੁਰ ਤੋਂ ਚੋਣ ਲੜਦੀ ਹੈ ਤਾਂ ਉਸ ਦੇ ਲਈ ਵੀ ਸਿਮਰਜੀਤ ਸਿੰਘ ਬੈਂਸ ਟੱਕਰ ਦੇਣ ਲਈ ਤਿਆਰ

Sukhpal Khaira

ਚੰਡੀਗੜ੍ਹ (ਜਤਿੰਦਰ ਸਿੰਘ) : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਬਠਿੰਡਾ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨੇ ਗਏ ਸੁਖਪਾਲ ਖਹਿਰਾ ਨੇ ਅਪਣੇ ਤੇਵਰ ਹੁਣ ਹੋਰ ਤਿੱਖੇ ਕਰ ਲਏ ਹਨ। ਸਪੋਕਸਮੈਨ ਟੀਵੀ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਹਰਸਿਮਰਤ ਕੌਰ ਬਾਦਲ ’ਤੇ ਕਈ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਮੇਰਾ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦਾ ਕਾਰਨ ਸਿਰਫ਼ ਹਰਸਿਮਰਤ ਕੌਰ ਬਾਦਲ ਹੈ, ਜਿੰਨ੍ਹਾਂ ਨੇ ਪੰਜਾਬ ਨੂੰ ਇੰਨੀ ਤਰਸਯੋਗ ਹਾਲਤ ਵਿਚ ਲਿਆ ਕੇ ਖੜ੍ਹਾ ਕਰ ਦਿਤਾ ਹੈ।

ਪੰਜਾਬ ਵਿਚ ਨਸ਼ਿਆ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਵਰਗੀ ਤਰਸਯੋਗ ਹਾਲਤ ਲਈ ਸਿਰਫ਼ ਉਹੀ ਪਾਰਟੀਆਂ ਜ਼ਿੰਮੇਵਾਰ ਹੋ ਸਕਦੀਆਂ ਹਨ ਜਿਨ੍ਹਾਂ ਦੀ ਸਰਕਾਰ ਪੰਜਾਬ ਵਿਚ ਰਹੀ ਹੋਵੇ। ਇਸ ਦੇ ਲਈ ਸਿਰਫ਼ ਅਕਾਲੀ ਅਤੇ ਕਾਂਗਰਸ ਸਰਕਾਰਾਂ ਹੀ ਜ਼ਿੰਮੇਵਾਰ ਹਨ ਜਿੰਨ੍ਹਾਂ ਨੇ ਵਾਰ-ਵਾਰ ਅਪਣੀ ਸਰਕਾਰ ਬਣਾਈ ਅਤੇ ਪੂਰੇ ਪੰਜਾਬ ’ਤੇ ਰਾਜ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਵਾਰ ਵਿਰੁਧ ਡਾ. ਧਰਮਵੀਰ ਗਾਂਧੀ ਪਿਛਲੀ ਵਾਰ ਵੀ ਲੜੇ ਸੀ ਅਤੇ ਇਸ ਵਾਰ ਵੀ ਲੜਨਗੇ।

ਹਰਸਿਮਰਤ ਕੌਰ ਬਾਦਲ ਦੇ ਫਿਰੋਜ਼ਪੁਰ ਸੀਟ ਤੋਂ ਚੋਣ ਲੜਨ ਦੇ ਸਵਾਲ ’ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਸ ਵਿਸ਼ੇ ਉਤੇ ਚਰਚਾ ਦੌਰਾਨ ਤੈਅ ਹੋਇਆ ਸੀ ਕਿ ਜੇਕਰ ਹਰਸਿਮਰਤ ਬਾਦਲ ਫਿਰੋਜ਼ਪੁਰ ਤੋਂ ਚੋਣ ਲੜਦੀ ਹੈ ਤਾਂ ਉਸ ਦੇ ਲਈ ਵੀ ਸਿਮਰਜੀਤ ਸਿੰਘ ਬੈਂਸ ਟੱਕਰ ਦੇਣ ਲਈ ਤਿਆਰ ਹਨ। ਇਸ ਦੌਰਾਨ ਸੁਖਪਾਲ ਖਹਿਰਾ ਨੇ ਹਰਸਿਮਰਤ ਬਾਦਲ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਪਣੇ ਭਾਸ਼ਣਾਂ ਵਿਚ ਕਈ ਵਾਰ ਕਿਹਾ ਹੈ ਕਿ

ਅਸੀਂ ਬਠਿੰਡਾ ਵਿਚ ਪੁੱਲ ਬਣਾਏ ਅਤੇ ਹੋਰ ਕਈ ਵਿਕਾਸ ਦੇ ਕੰਮ ਕੀਤੇ ਪਰ ਜ਼ਰਾ ਇਹ ਵੀ ਤਾਂ ਦੱਸਣ ਕਿ ਅਪਣੀ ਜ਼ਿੰਦਗੀ ਵਿਚ ਕਦੇ ਕੋਈ ਮੁਫ਼ਤ ਵੀ ਕੰਮ ਕੀਤਾ ਹੈ? ਹਰ ਸਰਕਾਰੀ ਕੰਮ ਵਿਚ ਜਿਹੜਾ ਕਮਿਸ਼ਨ ਲਿਆ ਉਸ ਦਾ ਵੀ ਹਿਸਾਬ ਦੇਣ, ਬਾਦਲ ਪਿੰਡ ਜਿਹੜਾ ਮਹਿਲ ਬਣਵਾਇਆ ਉਸ ਬਾਰੇ ਵੀ ਲੋਕਾਂ ਨੂੰ ਦੱਸਣ, ਸੱਤ ਸਿਤਾਰਾ ਹੋਟਲ ਬਣਵਾਇਆ ਉਸ ਬਾਰੇ ਵੀ ਦੱਸਣ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਮੇਰੀ ਲੜਾਈ ਸਿਰਫ਼ ਬਾਦਲਾਂ ਵਰਗੇ ਭ੍ਰਿਸ਼ਟ ਲੋਕਾਂ ਨਾਲ ਹੈ ਅਤੇ ਉਹ ਚਾਹੁੰਦੇ ਹਨ ਕਿ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਹੀ ਲੋਕ ਸਭਾ ਚੋਣ ਲੜਨ।