ਕੋਰੋਨਾਵਾਇਰਸ ਸਬੰਧੀ ਪੀਜੀਆਈ ਨੇ ਚੁੱਕੇ ਅਹਿਮ ਕਦਮ, ਜਾਰੀ ਕੀਤੇ ਦਿਸ਼ਾ-ਨਿਰਦੇਸ਼!

ਏਜੰਸੀ

ਖ਼ਬਰਾਂ, ਪੰਜਾਬ

ਮਾਮੂਲੀ ਮਰਜ਼ ਅਤੇ ਰੋਟੀਨ ਚੈੱਕਅਪ ਵਾਲੇ ਮਰੀਜ਼ਾਂ ਨੂੰ ਓਪੀਡੀ ਨਾ ਆਉਣ ਦੀ ਸਲਾਹ

file photo

ਚੰਡੀਗੜ੍ਹ : ਕੋਰੋਨਾ ਵਾਇਰਸ ਨੂੰ ਲੈ ਕੇ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਹੈ। ਸਰਕਾਰਾਂ ਦੇ ਨਾਲ-ਨਾਲ ਸਿਹਤ ਮਾਹਿਰਾਂ ਵਲੋਂ ਇਸ ਦੇ ਬਚਾਅ ਅਤੇ ਫੈਲਾਅ ਨੂੰ ਰੋਕਣ ਸਬੰਧੀ ਸਲਾਹਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸੇ ਦਰਮਿਆਨ ਉਤਰ ਭਾਰਤ ਦੇ ਪ੍ਰਸਿੱਧ ਸਿਹਤ ਅਦਾਰੇ ਪੀਜੀਆਈ ਵਲੋਂ ਵੀ ਕੋਰੋਨਾ ਵਾਇਰਸ ਸਬੰਧੀ ਇੱਥੇ ਆਉਣ ਵਾਲੇ ਵੱਡੀ ਗਿਣਤੀ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਪੀਜੀਆਈ ਪ੍ਰਸ਼ਾਸਨ ਨੇ ਸੋਮਵਾਰ ਨੂੰ ਪੀਜੀਆਈ ਆਉਣ ਵਾਲੇ ਲੋਕਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕਰਦਿਆਂ ਕੈਂਸਰ,  ਟਰਾਂਸਪਲਾਂਟ ਅਤੇ ਕਿਡਨੀ ਫੇਲੀਅਰ ਦੇ ਮਰੀਜ਼ਾਂ ਨੂੰ ਓ.ਪੀ.ਡੀ. 'ਚ ਨਾ ਆਉਣ ਦੀ ਸਲਾਹ ਦਿਤੀ ਹੈ। ਨਵੀਆਂ ਹਦਾਇਤਾਂ ਮੁਤਾਬਕ ਪੀਜੀਆਈ ਆਉਣ ਵਾਲੇ ਮਰੀਜ਼ਾਂ ਜਾਂ ਇੱਥੇ ਦਾਖ਼ਲ ਮਰੀਜ਼ਾਂ ਨਾਲ ਵੀ ਸਿਰਫ਼ ਇਕ ਹੀ ਅਟੈਂਡੈਂਟ ਨੂੰ ਰਹਿਣ ਦੀ ਇਜਾਜ਼ਤ ਹੋਵੇਗੀ।

ਬੁਖਾਰ, ਜ਼ੁਕਾਮ ਜਾਂ ਖੰਘ ਤੋਂ ਪੀੜਤ ਮਰੀਜ਼ਾਂ ਨੂੰ ਸਿਰਫ਼ ਓ.ਪੀ.ਡੀ. ਦੇ ਪ੍ਰਵੇਸ਼ ਦੁਆਰ ਲਾਗੇ ਬਣੇ ਆਈਸੋਲੇਸ਼ਨ ਰੂਮ ਵਿਚ ਹੀ ਆਉਣ ਦੀ ਇਜਾਜ਼ਤ ਹੋਵੇਗੀ। ਇਸੇ ਤਰ੍ਹਾਂ ਲੋਕਾਂ ਨੂੰ ਰੋਟੀਨ ਚੈੱਕਅਪ ਜਾਂ ਮਾਮੂਲੀ ਮਰਜ਼ ਕਾਰਨ ਓ.ਪੀ.ਡੀ. ਵਿਚ ਆਉਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਲੋਕਾਂ ਨੂੰ ਵਿਦੇਸ਼ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਓ.ਪੀ.ਡੀ. ਵਿਚ ਲਿਆਉਣ ਦੀ ਥਾਂ ਦੋ ਹਫ਼ਤੇ ਤਕ ਘਰ ਦੇ ਅੰਦਰ ਰੱਖ ਕੇ ਇਲਾਜ ਕਰਵਾਉਣ ਦੀ ਸਲਾਹ ਦਿਤੀ ਗਈ ਹੈ। ਪੀਜੀਆਈ ਮੈਸ ਜਾਂ ਕੰਟੀਨ ਲਈ ਕੋਈ ਵੀ ਹਦਾਇਤ ਜਾਰੀ ਨਹੀਂ ਹੋਈ ਹੈ।

ਕਾਬਲੇਗੌਰ ਹੈ ਕਿ ਪੀਜੀਆਈ ਵਲੋਂ ਇਸ ਤੋਂ ਪਹਿਲਾਂ ਵੀ ਕੁੱਝ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਚੀਨ ਵਿਚ ਕੋਰੋਨਾ ਵਾਇਰਸ ਦੀ ਤਬਾਹੀ ਤੋਂ ਬਾਅਦ ਪੀਜੀਆਈ ਨੇ ਦੇਸ਼ ਦੇ ਕਈ ਸੂਬਿਆਂ ਨੂੰ ਪੀਜੀਆਈ ਵਿਖੇ ਮਰੀਜ਼ ਭੇਜਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਸੀ। ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਅਨੁਸਾਰ 23 ਜਨਵਰੀ ਨੂੰ ਵਿਭਾਗ ਦੀ ਇਕ ਮੀਟਿੰਗ ਹੋਈ ਸੀ।

ਮੀਟਿੰਗ ਦੌਰਾਨ ਕੋਰੋਨਾ ਵਾਇਰਸ ਸਬੰਧੀ ਸਪੈਸ਼ਲ ਆਈਸੋਲੇਸ਼ਨ ਵਾਰਡ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ। ਇਸੇ ਤਰ੍ਹਾਂ ਪੀਜੀਆਈ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਦੂਜੇ ਸੂਬਿਆਂ ਦੇ ਪ੍ਰਿੰਸੀਪਲ ਸਕੱਤਰਾਂ ਨੂੰ ਪੱਤਰ ਰਾਹੀਂ ਸ਼ੱਕੀ ਮਰੀਜ਼ਾਂ ਨੂੰ ਪੀਜੀਆਈ ਨਾ ਭੇਜਣ ਦੀ ਬੇਨਤੀ ਕੀਤੀ ਗਈ ਸੀ।

ਪੀਜੀਆਈ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਜੇਕਰ ਸਾਰੇ ਮਰੀਜ਼ ਪੀਜੀਆਈ ਆਉਣ ਸ਼ੁਰੂ ਹੋ ਗਏ ਤਾਂ ਇੱਥੇ ਹਾਲਾਤ ਬਦ ਤੋਂ ਬਦਤਰ ਹੋ ਸਕਦੇ ਹਨ। ਪੀਜੀਆਈ 'ਚ ਆਮ ਦਿਨਾਂ ਦੌਰਾਨ ਵੀ ਵੱਡੀ ਗਿਣਤੀ ਵਿਚ ਮਰੀਜ਼ ਆਉਂਦੇ ਹਨ। ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਬਹੁਤਾਤ ਕਾਰਨ ਇੱਥੇ ਵੱਡੀ ਸਮੱਸਿਆ ਖੜ੍ਹੀ ਹੋਣ ਦਾ ਖ਼ਦਸ਼ਾ ਹੈ। ਇਸ ਦੇ ਮੱਦੇਨਜ਼ਰ ਪੀਜੀਆਈ ਪ੍ਰਸ਼ਾਸਨ ਵਲੋਂ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।