ਬੇਅਦਬੀ ਕੇਸ ਦੇ ਟਰਾਇਲ ਚੰਡੀਗੜ੍ਹ ਤਬਦੀਲ ਕੀਤੇ
ਸਾਰੀਆਂ ਧਿਰਾਂ ਨੂੰ ਸੁਨਣ ਉਪਰੰਤ ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ
ਚੰਡੀਗੜ੍ਹ : ਬੇਅਦਬੀ ਕੇਸਾਂ ਦੇ ਟਰਾਇਲ ਮੋਗਾ ਅਦਾਲਤ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਤਬਦੀਲ ਕਰ ਦਿਤਾ ਗਿਆ ਹੈ। ਬੇਅਦਬੀ ਦੇ ਵੱਖ-ਵੱਖ ਕੇਸਾਂ ਵਿਚ ਫਸੇ ਪ੍ਰਦੀਪ ਕਲੇਰ, ਬਲਜੀਤ ਸਿੰਘ, ਪ੍ਰਿਥਵੀ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਹਾਈਕੋਰਟ ਵਿਚ ਪਟੀਸ਼ਨਾਂ ਦਾਖ਼ਲ ਕਰ ਕੇ ਖਦਸ਼ਾ ਪ੍ਰਗਟਾਇਆ ਸੀ ਕਿ ਇਨ੍ਹਾਂ ਕੇਸਾਂ ਦੇ ਗਵਾਹਾਂ ਨੂੰ ਅਤੇ ਇਥੋਂ ਤਕ ਕਿ ਮੁਲਜ਼ਮਾਂ ਨੂੰ ਖ਼ਤਰਾ ਹੈ।
ਦਲੀਲਾਂ ਦਿਤੀਆਂ ਸੀ ਕਿ ਬਿੱਟੂ ਦਾ ਜੇਲ ਵਿਚ ਕਤਲ ਕਰ ਦਿਤਾ ਗਿਆ ਸੀ ਅਤੇ ਇਕ ਹੋਰ ਗਵਾਹ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ, ਲਿਹਾਜ਼ਾ ਜੇਕਰ ਟਰਾਇਲ ਮੋਗਾ ਵਿਖੇ ਚਲਿਆ ਤਾਂ ਗਵਾਹਾਂ ਅਤੇ ਮੁਲਜ਼ਮਾਂ ਨੂੰ ਖ਼ਤਰਾ ਬਣਿਆ ਰਹੇਗਾ ਅਤੇ ਉਨ੍ਹਾਂ ਨੂੰ ਡਰਾਇਆ ਤੇ ਧਮਕਾਇਆ ਜਾ ਸਕਦਾ ਹੈ ਤੇ ਅਜਿਹੇ ਵਿਚ ਟਰਾਇਲ ਪ੍ਰਭਾਵਿਤ ਹੋਵੇਗਾ। ਇਨ੍ਹਾਂ ਦਲੀਲਾਂ ਨਾਲ ਟਰਾਇਲ ਚੰਡੀਗੜ੍ਹ ਤਬਦੀਲ ਕਰਨ ਦੀ ਮੰਗ ਕੀਤੀ।
ਹਾਲਾਂਕਿ ਸਰਕਾਰੀ ਵਕੀਲ ਨੇ ਪਟੀਸ਼ਨਾਂ ਦਾ ਵਿਰੋਧ ਕੀਤਾ ਅਤੇ ਸਾਰੀਆਂ ਧਿਰਾਂ ਨੂੰ ਸੁਨਣ ਉਪਰੰਤ ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਅਤੇ ਸੋਮਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਟਰਾਇਲ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਤਬਦੀਲ ਕਰਨ ਦੀ ਮੰਗ ਮੰਜ਼ੂਰ ਕਰ ਲਈ ਗਈਆਂ। ਇਹ ਕੇਸ ਸਮਾਲਸਰ ਵਿਖੇ ਹੋਈ ਬੇਅਦਬੀ ਤੇ ਹੋਰ ਘਟਨਾਵਾਂ ਦੇ ਸਬੰਧ ਵਿਚ ਦਰਜ ਮਾਮਲਿਆਂ ਦੇ ਸਬੰਧ ਵਿਚ ਹਨ ਅਤੇ ਇਨ੍ਹਾਂ ਵਿਚੋਂ ਕੱੁਝ ਮਾਮਲਿਆਂ ਦੇ ਟਰਾਇਲ ਮੁਕੰਮਲ ਹੋਣ ਦੇ ਨੇੜੇ ਹਨ ਤੇ ਕੱੁਝ ਵਿਚ ਗਵਾਹੀਆਂ ਦੀ ਸਟੇਜ ’ਤੇ ਹੈ।