ਅਨੰਦਪੁਰ ਸਾਹਿਬ ਸੀਟ ਨਾਲ ਸਬੰਧਤ ਨੇਤਾਵਾਂ ਨੂੰ ਮਿਲੇ ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਟ ਜਿੱਤਣ ਲਈ ਨੀਤੀ ਘੜੀ ਅਤੇ ਮੇਲ ਮਿਲਾਪ ਵਧਾਇਆ

Congress leaders meeting Pic

ਚੰਡੀਗੜ੍ਹ : ਪੰਜਾਬ ਵਿਚ ਲੋਕ ਸਭਾ ਚੋਣਾਂ ਵਾਸਤੇ 13 ਸੀਟਾਂ ਲਈ ਨਾਮਜ਼ਦਗੀ ਕਾਗ਼ਜ਼ ਭਰਨੇ ਸ਼ੁਰੂ ਹੋਣ ਵਾਸਤੇ 3 ਦਿਨ ਅਜੇ ਬਾਕੀ ਹਨ ਪਰ ਸੱਤਾਧਾਰੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੋਣ ਪ੍ਰਚਾਰ ਕਮੇਟੀ ਚੇਅਰਮੈਨ ਸ. ਲਾਲ ਸਿੰਘ ਅਤੇ ਹੋਰ ਮੰਤਰੀ ਤੇ ਸਬੰਧਤ ਨੇਤਾ ਐਤਕੀਂ ਪੂਰੇ ਜੀਅ-ਜਾਨ ਨਾਲ ਉਮੀਦਵਾਰਾਂ ਨੂੰ ਸਫ਼ਲ ਬਣਾਉਣ ਵਿਚ ਲੱਗੇ ਹੋਏ ਹਨ।

ਬੀਤੇ ਦਿਨ ਮੁੱਖ ਮੰਤਰੀ ਨੇ ਸੰਗਰੂਰ, ਪਟਿਆਲਾ, ਲੁਧਿਆਣਾ, ਫ਼ਰੀਦਕੋਟ, ਮੋਗਾ, ਬਠਿੰਡਾ ਸੀਟਾਂ ਨਾਲ ਸਬੰਧਤ ਗੁੱਸੇ ਹੋਏ ਕਾਂਗਰਸੀ ਨੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਚੋਣ ਪ੍ਰਚਾਰ ਲਈ ਨਵੇਂ ਪੈਂਤੜੇ ਅਤੇ ਕਾਮਯਾਬੀ ਲਈ ਵੱਧ ਤੋਂ ਵੱਧ ਵੋਟਰਾਂ ਤਕ ਪਹੁੰਚ ਕਰਨ ਦੀ ਵਿਉਂਤ ਬਣਾਈ। ਅੱਜ ਫਿਰ ਬਾਅਦ ਦੁਪਹਿਰ ਕਾਂਗਰਸ ਭਵਨ ਵਿਚ ਪਹੁੰਚ ਕੇ ਮੁੱਖ ਮੰਤਰੀ ਨੇ ਚੋਣ ਪ੍ਰਚਾਰ ਕਮੇਟੀ ਚੇਅਰਮੈਨ ਸ. ਲਾਲ ਸਿੰਘ, ਅਨੰਦਪੁਰ ਸਾਹਿਬ ਸੀਟ ਲਈ ਉਮੀਦਵਾਰ ਮਨੀਸ਼ ਤਿਵਾੜੀ ਸਮੇਤ ਮੋਹਾਲੀ, ਨਵਾਂਸ਼ਹਿਰ, ਰੋਪੜ ਦੇ ਜ਼ਿਲ੍ਹਾ ਪ੍ਰਧਾਨਾਂ, ਸਾਬਕਾ ਪ੍ਰਧਾਨਾਂ ਅਤੇ ਕੈਬਨਿਟ ਮੰਤਰੀਆਂ ਬਲਬੀਰ ਸਿੰਘ ਸਿੱਧੂ, ਚਰਨਜੀਤ ਚੰਨੀ, ਤ੍ਰਿਪਤ ਬਾਜਵਾ ਅਤੇ ਹੋਰ ਲੀਡਰਾਂ ਨਾਲ ਚਰਚਾ ਕੀਤੀ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਸ. ਲਾਲ ਸਿੰਘ ਨੇ ਦਸਿਆ ਕਿ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਨਾਲ ਸਬੰਧਤ 9 ਅਸੈਂਬਲੀ ਹਲਕਿਆਂ ਰੋਪੜ, ਅਨੰਦਪੁਰ ਸਾਹਿਬ, ਖਰੜ, ਮੋਹਾਲੀ, ਬੰਗਾ, ਗੜ੍ਹਸ਼ੰਕਰ, ਬਲਾਚੌਰ, ਨਵਾਂਸ਼ਹਿਰ ਆਦਿ ਵਿਚ ਐਤਕੀਂ ਕੋਈ ਖ਼ਾਸ ਗੁੱਸਾ, ਮਨ ਮੁਟਾਵ ਨਹੀਂ ਹੈ ਅਤੇ ਸਾਰੇ ਵਰਕਰਾਂ ਨੂੰ ਨਾਲ ਤੋਰਨ ਦੀ ਕੋਸ਼ਿਸ਼ ਜਾਰੀ ਹੈ। ਸ. ਲਾਲ ਸਿੰਘ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਿਚ ਸਰਕਾਰ ਬਣਾਉਣ ਲਈ ਪੰਜਾਬ ਵਿਚੋਂ ਵੱਧ ਤੋਂ ਵੱਧ ਸੀਟਾਂ ਜਿਤਾਉਣ ਦਾ ਉਪਰਾਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਅਨੰਦਪੁਰ ਸਾਹਿਬ ਤੋਂ ਉਮੀਦਵਾਰੀ ਦਾ ਦਾਅਵਾ ਜਿਤਾਉਣ ਵਾਲੇ ਸੀਨੀਅਰ ਕਾਂਗਰਸੀ ਨੇਤਾ ਗੁਰਵਿੰਦਰ ਸਿੰਘ ਬਾਲੀ ਟਿਕਟ ਨਾ ਮਿਲਣ ਕਰ ਕੇ ਰੋਸ ਵਜੋਂ ਕੁੱਝ ਦਿਨ ਪਹਿਲਾਂ ਪਾਰਟੀ ਨੂੰ ਛੱਡ ਗਏ ਸਨ।

ਇਸੇ ਤਰ੍ਹਾਂ ਰਾਮਗੜ੍ਹੀਆ ਸਮਾਜ ਦੇ ਕਈ ਸਿਰਕੱਢ ਕਾਂਗਰਸੀ ਨੇਤਾਵਾਂ ਨੇ ਅਨੰਦਪੁਰ ਸਾਹਿਬ ਸੀਟ ਤੋਂ ਟਿਕਟ ਦੀ ਮੰਗ ਕਰਨ ਲਈ ਦੋ ਵਾਰ ਰਾਹੁਲ ਗਾਂਧੀ ਨਾਲ, ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ ਸੀ ਪਰ ਉਨ੍ਹਾਂ ਦੇ ਪੱਲੇ ਕੁੱਝ ਨਾ ਪੈਣ ਕਰ ਕੇ ਰਾਮਗੜ੍ਹੀਆ ਬਰਾਦਰੀ ਵੀ ਕਾਂਗਰਸ ਨਾਲ ਨਰਾਜ਼ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਪਿਛੜੀ ਜਾਤੀ ਵਾਸਤੇ ਨਾ ਤਾਂ ਕੋਈ ਸੀਟ ਰਿਜ਼ਰਵ ਹੈ ਅਤੇ ਨਾ ਹੀ ਉਂਜ ਕਿਸੇ ਆਮ ਸੀਟ ਲਈ ਉਨ੍ਹਾਂ ਦੇ ਕਿਸੇ ਨੇਤਾ ਨੂੰ ਟਿਕਟ ਦਿਤੀ ਗਈ ਹੈ।