'ਆਪ' ਨੇ ਬਰਨਾਲਾ ਦੇ ਡੀ.ਐਸ.ਪੀ. ਦੀ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਕਾਂਗਰਸ ਦੇ ਹੱਕ 'ਚ ਵੋਟ ਪਾਉਣ ਲਈ ਲੋਕਾਂ ਨੂੰ ਧਮਕਾ ਰਿਹੈ ਡੀ.ਐਸ.ਪੀ.

Election Commission of India

ਚੰਡੀਗੜ੍ਹ : ਬਰਨਾਲਾ ਸਿਟੀ ਦੇ ਡੀਐਸਪੀ ਰਾਜੇਸ਼ ਛਿੱਬਰ ਸੱਤਾਧਾਰੀ ਕਾਂਗਰਸ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹਨ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਦੋਸ਼ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲਗਾਏ। 'ਆਪ'  ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਕੋਲ ਡੀਐਸਪੀ ਦੀ ਸ਼ਿਕਾਇਤ ਕਰ ਕੇ ਤੁਰੰਤ ਤਬਾਦਲੇ ਦੀ ਮੰਗ ਕੀਤੀ।

'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਬੁਲਾਰੇ ਅਤੇ ਲੀਗਲ ਵਿੰਗ ਦੇ ਪ੍ਰਧਾਨ ਜਸਤੇਜ ਸਿੰਘ ਅਰੋੜਾ ਨੇ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਡੀਐਸਪੀ ਰਾਜੇਸ਼ ਛਿੱਬਰ ਦਾ ਬਰਨਾਲਾ ਤੋਂ ਤੁਰੰਤ ਤਬਾਦਲਾ ਹੋਣਾ ਜ਼ਰੂਰੀ ਹੈ। ਸ਼ਿਕਾਇਤ 'ਚ ਜਸਤੇਜ ਸਿੰਘ ਅਰੋੜਾ ਨੇ ਲਿਖਿਆ ਕਿ ਰਾਜੇਸ਼ ਛਿੱਬਰ ਸੱਤਾਧਾਰੀ ਕਾਂਗਰਸ ਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਹੈ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਵੀ ਲਿਖਿਆ ਕਿ ਡੀਐਸਪੀ ਰਾਜੇਸ਼ ਛਿੱਬਰ ਫ਼ੋਨ 'ਤੇ ਬਰਨਾਲਾ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਕਾਂਗਰਸ ਦੇ ਉਮੀਦਵਾਰ ਦੇ ਹੱਕ 'ਚ ਵੋਟ ਪਾਉਣ ਲਈ ਕਹਿ ਰਿਹਾ ਹੈ।

ਜਸਤੇਜ ਸਿੰਘ ਅਰੋੜਾ ਨੇ ਕਿਹਾ ਕਿ ਰਾਜੇਸ਼ ਛਿੱਬਰ ਸੱਤਾਧਾਰੀ ਕਾਂਗਰਸ ਦੀਆਂ ਅੱਖਾਂ ਦਾ ਤਾਰਾ ਹੈ ਅਤੇ ਜਦੋਂ ਦੀ ਕਾਂਗਰਸ ਸੱਤਾ 'ਚ ਆਈ ਹੈ ਇਹ ਪੁਲਿਸ ਅਧਿਕਾਰੀ ਉਦੋਂ ਦਾ ਹੀ ਬਰਨਾਲਾ 'ਚ ਤਾਇਨਾਤ ਹੈ, ਜਦਕਿ ਚੋਣ ਜ਼ਾਬਤੇ ਦੀ ਪਾਲਨਾ ਕਰਦੇ ਹੋਏ ਇਸ ਦਾ ਪਹਿਲਾ ਹੀ ਤਬਾਦਲਾ ਕੀਤਾ ਜਾਣਾ ਚਾਹੀਦਾ ਸੀ।