ਬੇਮੌਸਮੀ ਬਾਰਿਸ਼ ਨੇ ਕਈ ਥਾਈਂ ਕੀਤਾ ਫਸਲਾਂ ਦਾ ਭਾਰੀ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਬੇਮੌਸਮੀ ਬਰਸਾਤ ਸ਼ੁਰੂ ਹੋ ਗਈ ਹੈ।

Rain

ਚੰਡੀਗੜ੍ਹ: ਪੰਜਾਬ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਬੇਮੌਸਮੀ ਬਰਸਾਤ ਸ਼ੁਰੂ ਹੋ ਗਈ ਹੈ। ਇਸ ਬਰਸਾਤ ਨੇ ਕਈ ਥਾਵਾਂ ‘ਤੇ ਪੱਕ ਚੁੱਕੀ ਫਸਲ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ ਕਈ ਇਲਾਕਿਆਂ ਵਿਚ ਫਸਲ ਦਾ ਨੁਕਸਾਨ ਹੋਣ ਤੋਂ ਬਚ ਗਿਆ ਹੈ, ਪਰ ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਅਨੁਸਾਰ ਅੱਜ ਸਾਰਾ ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਹੈ।  ਇਸ ਮੌਸਮ ਬਾਰੇ ਵਿਭਾਗ ਨੇ ਇਕ ਵਾਰ ਫਿਰ ਅਲਰਟ ਜਾਰੀ ਕੀਤਾ ਹੈ, ਮੌਸਮ ਵਿਭਾਗ ਅਨੁਸਾਰ ਅਗਲੇ ਚਾਰ ਦਿਨਾਂ ਤੱਕ ਮੌਸਮ ਖਰਾਬ ਰਹੇਗਾ।

ਮੌਸਮ ਵਿਭਾਗ ਨੇ ਅੱਜ ਦਿਨ ਭਰ 60-70 ਕਿਲੋਮੀਟਰ ਪ੍ਰਤੀ ਘੰਟੇ ਅਤੇ ਕੱਲ 50-60 ਕਿਲੋਮੀਟਰ ਪ੍ਰਤੀ ਘੰਟੇ  ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਬਰਸਾਤ ਅਤੇ ਤੇਜ਼ ਹਵਾਵਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿਚ ਕਣਕ ਦੀ ਫਸਲ ਖੇਤਾਂ ਵਿਚ ਵਿਛ ਗਈ ਹੈ। ਖੇਤੀ ਮਾਹਿਰਾਂ ਅਨੁਸਾਰ ਇਹਨਾਂ ਦਿਨਾਂ ਵਿਚ ਹੋਣ ਵਾਲੀ ਬਰਸਾਤ ਫਸਲਾਂ ਲਈ ਲਾਹੇਵੰਦ ਨਹੀਂ ਹੈ ਕਿਉਂਕਿ ਤੇਜ਼ ਹਵਾਵਾਂ ਨਾਲ ਜਿੱਥੇ ਫਸਲ ਖੇਤਾਂ ਵਿਚ ਵਿਛਣ ਕਾਰਨ ਵਾਢੀ ਮੌਕੇ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਉਸ ਦੇ ਨਾਲ ਹੀ ਕਣਕ ਦਾ ਝਾੜ ਵੀ ਘੱਟ ਹੋਵੇਗਾ।

ਇਸ ਬਾਰਿਸ਼ ਨਾਲ ਆਮ ਜਨ-ਜੀਵਨ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਇਸ ਦੇ ਨਾਲ ਹੀ ਕਈ ਥਾਈਂ ਬਿਜਲੀ ਦੀ ਸਮੱਸਿਆ ਵੀ ਸਾਹਮਣੇ ਆਈ ਹੈ। ਦੇਸ਼ ਭਰ ਵਿਚ ਬਾਰਿਸ਼ ਅਤੇ ਤੇਜ਼ ਹਨੇਰੀ ਨਾਲ ਕਈ ਥਾਵਾਂ ‘ਤੇ ਲੋਕਾਂ ਦੀ ਮੌਤ ਹੋ ਗਈ।

ਦੱਸ ਦਈਏ ਕਿ ਇਸ ਸਬੰਧੀ ਕਿਸਾਨਾਂ ਲਈ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿ 17 ਅਪ੍ਰੈਲ ਤੱਕ ਕਣਕ ਨਾ ਵੱਢੀ ਜਾਵੇ। ਪੰਜਾਬ ਦੇ ਖੇਤੀ ਵਿਸ਼ਵ ਵਿਦਿਆਲਿਆ ਦੇ ਮੌਸਮ ਵਿਭਾਗ ਦੀ ਵਿਗਿਆਨਿਕ ਡਾ. ਕੇਕੇ ਗਿਲ ਨੇ ਵੀ ਕਿਹਾ ਸੀ ਕਿ 16 ਅਤੇ 17 ਅਪ੍ਰੈਲ ਨੂੰ ਦੇਸ਼ ਵਿਚ ਧੂੜ, ਮਿੱਟੀ, ਗੜ੍ਹੇ ਅਤੇ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾ ਚਲਣ ਅਤੇ ਬਾਰਿਸ਼ ਦੀ ਸੰਭਾਵਨਾ ਹੈ।