ਕਰੋੜਾਂ ਖਰਚ ਕੇ ਵੀ ਸਾਫ ਨਹੀਂ ਹੋਇਆ ਸ਼ਹਿਰ ਦਾ ਪਾਣੀ ਪਰ ਲੌਕਡਾਊਨ ਨੇ ਕਰ ਦਿਖਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਕਾਰਨ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਹੈ।

Photo

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਕਾਰਨ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਹੈ। ਲੋਕ ਘਰਾਂ ਵਿਚ ਕੈਦ ਹਨ। ਸੜਕਾਂ ‘ਤੇ ਗੱਡੀਆਂ ਨਹੀਂ ਚੱਲ ਰਹੀਆ ਤੇ ਫੈਕਟਰੀਆਂ ਵੀ ਬੰਦ ਹੈ। ਲੌਕਾਡਾਊਨ ਕਾਰਨ ਚਾਹੇ ਲੋਕਾਂ ਨੂੰ ਆਰਥਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਲੌਕਡਾਊਨ ਦੇ ਕੁਝ ਸਕਾਰਾਤਮਕ ਅਸਰ ਵੀ ਵਾਤਾਵਰਨ ‘ਤੇ ਦਿਖਾਈ ਦੇ ਰਹੇ ਹਨ।

 ਦੇਸ਼ ਦੇ ਕਈ ਸ਼ਹਿਰਾਂ ਦੀ ਹਵਾ ਬਿਲਕੁਲ ਸਾਫ ਹੋਈ ਹੈ। ਇਸੇ ਤਰ੍ਹਾਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਹਵਾ ਅਤੇ ਪਾਣੀ ਬਿਲਕੁਲ ਸਾਫ ਹੋ ਚੁੱਕਿਆ ਹੈ। ਇਸ ਨਾਲ ਸਥਾਨਕ ਲੋਕ ਕਾਫੀ ਖੁਸ਼ ਹਨ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਨਦੀਆਂ ਵਿਚ ਬਹਿ ਰਹੇ ਜ਼ਹਿਰੀਲੇ ਕੈਮੀਕਲ ਵਾਲੇ ਪਾਣੀ ਕਾਰਨ ਖੇਤਰ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਰ ਪਸਾਰ ਚੁੱਕੀਆਂ ਸਨ।

ਘੱਗਰ ਨਦੀ ਵਿਚ ਡਿੱਗ ਰਹੇ ਦੂਸ਼ਿਤ ਪਾਣੀ ਨੂੰ ਰੋਕਣ ਲਈ ਸਥਾਨਕ ਲੋਕ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਸੀ ਪਰ ਕੋਈ ਹੱਲ ਨਹੀਂ ਨਿਕਲਿਆ। ਹੁਣ ਲੌਕਡਾਊਨ ਕਾਰਨ ਫੈਕਟਰੀਆਂ ਤੋਂ ਨਿਕਲਣ ਵਾਲਾ ਦੂਸ਼ਿਤ ਪਾਣੀ ਇਸ ਨਦੀਂ ਵਿਚ ਡਿੱਗਣਾ ਬੰਦ ਹੋ ਗਿਆ ਹੈ, ਜਿਸ  ਨਾਲ ਘੱਗਰ ਦਾ ਪਾਣੀ 90 ਫੀਸਦੀ ਤੱਕ ਸਾਫ ਹੋ ਗਿਆ ਹੈ।

ਘੱਗਰ ਨਦੀ ਦੇ ਆਸਪਾਸ ਰਹਿਣ ਵਾਲੇ ਪਿੰਡਾਂ ਵਿਚ ਇਸ ਦੂਸ਼ਿਤ ਪਾਣੀ ਕਾਰਨ ਕੈਂਸਰ ਆਦਿ ਵਰਗੀਆਂ ਖਤਰਨਾਕ ਬਿਮਾਰੀਆਂ ਪੈਰ ਪਸਾਰ ਰਹੀਆਂ ਸਨ। ਹੁਣ ਘੱਗਰ ਨਦੀ ਦਾ ਪਾਣੀ ਬਿਲਕੁਲ ਸਾਫ ਹੈ ਤੇ ਸਥਾਨਕ ਲੋਕ ਵੀ ਬੇਹੱਦ ਖੁਸ਼ ਹਨ।