ਲੌਕਡਾਊਨ ਦੌਰਾਨ ਸ਼ਮਸ਼ਾਨ ਘਾਟ ਕੋਲ ਪਏ ਖ਼ਰਾਬ ਕੇਲੇ ਖਾਣ ਲਈ ਮਜਬੂਰ ਹਨ ਪਰਵਾਸੀ ਮਜ਼ਦੂਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਦੀ ਮਿਆਦ ਵਧਣ ਕਾਰਨ ਸਭ ਤੋਂ ਜ਼ਿਆਦਾ ਮੁਸ਼ਕਿਲ ਪ੍ਰਵਾਸੀ ਮਜ਼ਦੂਰਾਂ ਨੂੰ ਆ ਰਹੀ ਹੈ।

Photo

ਨਵੀਂ ਦਿੱਲੀ: ਲੌਕਡਾਊਨ ਦੀ ਮਿਆਦ ਵਧਣ ਕਾਰਨ ਸਭ ਤੋਂ ਜ਼ਿਆਦਾ ਮੁਸ਼ਕਿਲ ਪ੍ਰਵਾਸੀ ਮਜ਼ਦੂਰਾਂ ਨੂੰ ਆ ਰਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਬੁਰੀ ਸਥਿਤੀ ਹੈ। ਹਜ਼ਾਰਾਂ ਪ੍ਰਵਾਸੀ ਮਜ਼ਦੂਰ ਦਿੱਲੀ ਦੇ ਕਸ਼ਮੀਰੀ ਫਾਟਕ ਨੇੜੇ ਯਮੁਨਾ ਦੇ ਕਿਨਾਰੇ ਸੌਣ ਲਈ ਮਜਬੂਰ ਹਨ। ਸਥਿਤੀ ਇੰਨੀ ਮਾੜੀ ਹੈ ਕਿ ਉਹਨਾਂ ਨੂੰ ਸੜੇ ਹੋਏ ਕੇਲੇ ਖਾਣੇ ਪੈ ਰਹੇ ਹਨ।

ਦਿੱਲੀ ਦੇ ਨਿਗਮਬੋਧ ਘਾਟ ਵਿਖੇ ਯਮੁਨਾ ਦੇ ਨਾਲ ਸੜੇ ਹੋਏ ਕੇਲਿਆਂ ਦੇ ਢੇਰ ਵਿਚ ਪਰਵਾਸੀ ਮਜ਼ਦੂਰ ਇਹ ਲੱਭ ਰਹੇ ਹਨ ਕਿ ਉਹਨਾਂ ਨੂੰ ਕੋਈ ਠੀਕ ਕੇਲਾ ਮਿਲ ਜਾਵੇ ਤਾਂ ਉਹਨਾਂ ਨੂੰ ਭੁੱਖ ਤੋਂ ਰਾਹਤ ਮਿਲੇਗੀ। ਇਕ ਮਜ਼ਦੂਰ ਨੇ ਦੱਸਿਆ ਕਿ ਉਹ ਅਲੀਗੜ੍ਹ ਤੋਂ ਹਨ ਤੇ ਲੌਕਡਾਊਨ ਕਾਰਨ ਉਹ ਯਮੁਨਾ ਕਿਨਾਰੇ ਹੀ ਸੌ ਰਹੇ ਹਨ ਤੇ ਖਾਣੇ ਦੀ ਭਾਲ ਕਰ ਰਹੇ ਹਨ।

ਬਰੇਲੀ ਦੇ ਰਹਿਣ ਵਾਲੇ 55 ਸਾਲ ਦੇ ਮਜ਼ਦੂਰ ਨੇ ਦੱਸਿਆ ਕਿ ਉਹ ਪੁਰਾਣੀ ਦਿੱਲੀ ਵਿਚ ਮਜ਼ਦੂਰੀ ਕਰਦੇ ਸੀ ਪਰ ਲੌਕਡਾਊਨ ਕਾਰਨ ਸਭ ਕੁੱਝ ਬੰਦ ਹੈ। ਉਹਨਾਂ ਕੋਲ ਰਹਿਣ ਲਈ ਥਾਂ ਤੇ ਖਾਣ ਲਈ ਖਾਣਾ ਨਹੀਂ ਹੈ। ਹਾਲਾਂਕਿ ਦਿੱਲੀ ਸਰਕਾਰ ਵੱਲੋਂ ਵਿਪਨ ਰਾਏ ਨੇ ਦੱਸਿਆ ਕਿ, ‘ਇੱਥੇ ਹਜ਼ਾਰਾਂ ਮਜ਼ਦੂਰ ਹਨ। ਇਹਨਾਂ ਨੂੰ ਸਕੂਲ ਵਿਚ ਲਿਜਾਇਆ ਜਾ ਰਿਹਾ ਹੈ ਤੇ ਸ਼ੈਲਟਰ ਹੋਮ ਵੀ ਬਣਾਏ ਗਏ ਹਨ’।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਕਾਫੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਭਾਂਵੇ ਕਿ ਇਸ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਗਾਇਆ ਹੋਇਆ ਹੈ ਪਰ ਫਿਰ ਵੀ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।