ਪੁਲਿਸ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਮੋਬਾਈਲ ਕਲੀਨਿਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਪਾਨੀ ਮਸ਼ੀਨਾਂ ਪੁਲਿਸ ਕਰਮੀਆਂ ਵੱਲੋਂ ਡਿਊਟੀ ਦੌਰਾਨ ਵਰਤੇ ਜਾ ਰਹੇ ਬੈਰੀਕੇਡ, ਕੁਰਸੀਆਂ ਦੀ ਕਰ ਰਹੇ ਹਨ ਸੈਨੇਟਾਈਜੇਸ਼ਨ : ਡੀਜੀਪੀ

Photo

ਚੰਡੀਗੜ੍ਹ: ਕੋਵਿਡ-19 ਸੰਕਟ ਦੇ ਟਾਕਰੇ ਲਈ ਮੋਹਰਲੀ ਕਤਾਰ ਵਿੱਚ ਡਟੇ ਪੁਲਿਸ ਕਰਮੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੀ ਡਾਕਟਰੀ ਜਾਂਚ ਲਈ ਮੋਬਾਈਲ ਕਲੀਨਿਕ ਸ਼ੁਰੂ ਕੀਤੇ ਗਏ ਹਨ ਅਤੇ ਕੁੱਲ 43000 ਪੁਲਿਸ ਮੁਲਾਜ਼ਮਾਂ ਵਿਚੋਂ 30,567 ਦਾ ਮੈਡੀਕਲ ਚੈਕ-ਅੱਪ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਕਰਫਿਊ ਦੇ ਲਾਗੂ ਕਰਨ ਅਤੇ ਰਾਹਤ ਕਾਰਜਾਂ ਲਈ ਦਿਨ ਵਿੱਚ 3 ਸ਼ਿਫ਼ਟਾਂ ਦੌਰਾਨ ਮੋਹਰਲੀ ਕਤਾਰ ਵਿੱਚ ਖੜ੍ਹ ਕੇ ਕੰਮ ਕਰ ਰਹੇ ਪੁਲਿਸ ਕਰਮੀਆਂ ਦੀ ਡਾਕਟਰੀ ਜਾਂਚ ਲਈ ਮੋਬਾਈਲ ਪੁਲਿਸ ਕਲੀਨਿਕ ਸੂਬੇ ਦੀਆਂ ਸਾਰੀਆਂ 7 ਪੁਲਿਸ ਰੇਂਜਾਂ ਅਤੇ ਪੁਲਿਸ ਕਮਿਸ਼ਨਰਾਂ ਵਿਚ ਕੰਮ ਕਰ ਰਹੇ ਹਨ। ਕਈ ਜ਼ਿਲ੍ਹਿਆਂ ਵਿੱਚ ਪੁਲਿਸ ਕਰਮੀਆਂ ਖ਼ਾਸ ਕਰ ਨਾਕਿਆਂ `ਤੇ ਡਿਊਟੀ ਕਰ ਰਹੇ ਪੁਲੀਸ ਕਰਮੀਆਂ ਦੀ ਫਲੂ ਜਾਂ ਕਿਸੇ ਹੋਰ ਬਿਮਾਰੀ ਦੇ ਲੱਛਣਾਂ ਦੀ ਜਾਂਚ ਲਈ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਸਹਾਇਤਾ ਲਈ ਜਾ ਰਹੀ ਹੈ।

ਡੀਜੀਪੀ ਨੇ ਕਿਹਾ ਕਿ ਹਰ ਦੂਜੇ ਦਿਨ ਹਰੇਕ ਕਰਮਚਾਰੀ ਦੀ ਵਾਰ-ਵਾਰ ਜਾਂਚ ਕੀਤੀ ਜਾਏਗੀ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੋਰੋਨਵਾਇਰਸ ਦੇ ਸੰਭਾਵਤ ਖ਼ਤਰੇ ਦੇ ਨਤੀਜੇ ਵਜੋਂ ਉਨ੍ਹਾਂ ਵਿੱਚ ਕੋਈ ਸਿਹਤ ਸਮੱਸਿਆ ਨਹੀਂ ਹੈ। ਗੁਪਤਾ ਨੇ ਕਿਹਾ ਕਿ ਜ਼ਿਲ੍ਹਿਆਂ ਦੇ ਐਸਐਸਪੀਜ਼ ਵੱਲੋਂ ਵਿਸਥਾਰਤ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸੂਬੇ ਵਿੱਚ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਅੱਗੇ ਹੋ ਕੇ ਆਪਣੀਆਂ ਡਿਊਟੀਆਂ ਨਿਭਾ ਰਹੇ ਸਾਰੇ ਪੁਲਿਸ ਮੁਲਾਜ਼ਮ ਤੰਦਰੁਸਤ ਅਤੇ ਸੁਰੱਖਿਆਤ ਰਹਿਣ।

ਡੀ.ਜੀ.ਪੀ. ਨੇ  ਕਿਹਾ ਕਿ ਲਾਕਡਾਊਨ ਦੇ ਅਮਲ ਲਈ ਡਿਊਟੀ `ਤੇ ਤਾਇਨਾਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਮਾਸਕ, ਦਸਤਾਨੇ ਅਤੇ ਹੈਂਡ ਸੈਨੇਟਾਈਜ਼ਰ ਮੁਹੱਈਆ ਕਰਵਾਏ ਗਏ ਹਨ ਅਤੇ ਹਸਪਤਾਲ ਦੇ ਆਈਸੋਲੇਸ਼ਨ ਵਾਰਡਾਂ ਜਾਂ ਆਸਪਾਸ ਦੇ ਖੇਤਰਾਂ ਵਿਚ ਤਾਇਨਾਤ ਪੁਲੀਸ ਕਰਮੀਆਂ ਨੂੰ ਪੀਪੀਈਜ਼/ ਬਾਇਓਹੈਜ਼ਰਡ ਸੂਟ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਲਈ ਸਾਰੀਆਂ ਰੇਂਜਾਂ ਅਤੇ ਸੀ.ਪੀਜ਼ ਨੂੰ ਹੁਣ ਤੱਕ 2.5 ਲੱਖ ਮਾਸਕ, 788 ਪੀਪੀਈ ਕਿੱਟਾਂ ਅਤੇ ਤਕਰੀਬਨ 2.5 ਲੱਖ ਹੈਂਡ ਸੈਨੇਟਾਈਜ਼ਰ ਵੰਡੇ ਗਏ ਹਨ।

ਗੁਪਤਾ ਨੇ ਦੱਸਿਆ ਕਿ ਕੋਵਿਡ-19 ਸੰਕਟ ਦੇ ਮੱਦੇਨਜ਼ਰ ਡਿਊਟੀ ਕਰ ਰਹੇ ਪੁਲੀਸ ਕਰਮੀਆਂ ਵੱਲੋਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਅਤੇ ਜ਼ਿਲ੍ਹਿਆਂ ਵਿੱਚ ਪੁਲੀਸ ਕਰਮੀਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਿਹਤ ਮੰਤਰਾਲੇ ਵੱਲੋਂ ਸਮੇਂ ਸਮੇਂ ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਗਰਮੀ ਤੋਂ ਬਚਾਅ ਲਈ ਬੈਰੀਕੇਡਾਂ ਨੇੜੇ ਟੈਂਟ ਅਤੇ ਛਤਰੀਆਂ ਲਗਾਈਆਂ ਗਈਆਂ ਹਨ ਅਤੇ ਡਿਊਟੀ `ਤੇ ਤੈਨਾਤ ਪੁਲੀਸ ਕਰਮੀਆਂ ਦੁਆਰਾ ਵਰਤੇ ਜਾਂਦੇ ਬੈਰੀਕੇਡਾਂ, ਕੁਰਸੀਆਂ ਅਤੇ ਹੋਰ ਚੀਜ਼ਾਂ ਦੀ ਸੈਨੇਟਾਈਜੇਸ਼ਨ ਨੂੰ ਯਕੀਨੀ ਬਣਾਉਣ ਲਈ ਸੀਪੀ/ਲੁਧਿਆਣਾ ਅਤੇ ਐਸਐਸਪੀ/ਪਟਿਆਲਾ ਵੱਲੋਂ ਇਕ ਵਿਸ਼ੇਸ਼ ਜਾਪਾਨੀ ਮਸ਼ੀਨ, ਜੋ 10 ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ ਘੋਲ ਨਾਲ ਦੋਵੇਂ ਪਾਸੇ 70 ਫੁੱਟ ਦਾ ਦਾਇਰਾ ਕਵਰ ਕਰਦੀ ਹੈ, ਦੀ ਵਰਤੋਂ ਕੀਤੀ ਜਾ ਰਹੀ ਹੈ। 

ਡੀ.ਜੀ.ਪੀ. ਅਨੁਸਾਰ ਬੀ.ਪੀ., ਸ਼ੂਗਰ ਅਤੇ ਹੋਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਵਾਲੀ ਥਾਂ `ਤੇ ਹੀ ਦਵਾਈਆਂ ਅਤੇ ਮਲਟੀ ਵਿਟਾਮਿਨ ਮੁਹੱਈਆ ਕਰਵਾਏ ਜਾ ਰਹੇ ਹਨ। ਕਰਫਿਊ ਦੇ ਬਿਹਤਰ ਪ੍ਰਬੰਧਨ ਲਈ ਜ਼ਿਲ੍ਹਾ ਪੁਲਿਸ ਦੁਆਰਾ ਕਿਰਾਏ `ਤੇ ਵਹੀਕਲ ਲਏ ਗਏ ਹਨ ਤਾਂ ਜੋ ਲਾਕਡਾਊਨ ਨੂੰ ਲਾਗੂ ਕਰਨ ਵਿਚ ਮੋਹਰਲੀ ਕਤਾਰ ਦੇ ਪੁਲਿਸ ਮੁਲਾਜ਼ਮਾਂ ਦੇ ਯਤਨਾਂ ਨੂੰ ਹੋਰ ਬਲ ਦਿੱਤਾ ਜਾ ਸਕੇ। ਡਿਊਟੀ `ਤੇ ਤਾਇਨਾਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਉੱਚ ਪੋ੍ਰਟੀਨ ਆਹਾਰ ਅਤੇ ਪਾਣੀ / ਨਿੰਬੂ ਪਾਣੀ ਸਮੇਤ ਖਾਣੇ ਦੇ ਪੈਕੇਟ ਮੁਹੱਈਆ ਕਰਵਾਏ ਜਾ ਰਹੇ ਹਨ।

ਡੀਜੀਪੀ ਨੇ ਦੱਸਿਆ ਕਿ ਕਰਫਿਊ  ਦੀ ਉਲੰਘਣਾ ਦੇ ਖੇਤਰਾਂ ਦੀ ਪਛਾਣ ਕਰਨ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਮਦਦ ਮਿਲੇਗੀ। ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਦਾ ਜ਼ਿਕਰ ਕਰਦਿਆਂ ਡੀਜੀਪੀ ਨੇ ਕਿਹਾ ਕਿ ਪੁਲੀਸ ਕਰਮੀਆਂ ਦੀ ਸਿਹਤ ਅਤੇ ਤੰਦਰੁਸਤੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਤਿੰਨ ਸ਼ਿਫ਼ਟਾਂ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਸਮਾਜਿਕ ਦੂਰੀ ਬਣਾਏ ਰੱਖਣ ਸਬੰਧੀ ਨਿਯਮਾਂ ਦੀ ਵੀ ਪਾਲਣਾ ਕੀਤੀ ਜਾ ਰਹੀ ਹੈ।

ਪੁਲਿਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲ ਕਰਨ ਲਈ ਚੁੱਕੇ ਕਦਮਾਂ ਬਾਰੇ ਗੱਲ ਕਰਦਿਆਂ ਡੀਜੀਪੀ ਨੇ ਕਿਹਾ ਕਿ ਪੁਲੀਸ ਕਰਮੀਆਂ ਨਾਲ ਸਮਾਜਿਕ ਦੂਰੀ, ਸੈਨੇਟਾਈਜੇਸ਼ਨ ਵਰਗੇ ਪਹਿਲੂਆਂ `ਤੇ ਜਾਣਕਾਰੀ ਵਾਲੇ ਵੀਡੀਓ, ਲੈਕਚਰ, ਲੀਫਲੈੱਟਸ ਆਦਿ ਨਿਯਮਿਤ ਤੌਰ `ਤੇ ਸਾਂਝੇ ਕੀਤੇ ਜਾ ਰਹੇ ਹਨ ਤਾਂ ਜੋ ਲਾਕਡਾਊਨ ਦੌਰਾਨ ਆਪਣੀਆਂ ਡਿਊਟੀਆਂ ਨਿਭਾਉਂਦੇ ਸਮੇਂ ਉਹ ਸਵੈ-ਸਾਵਧਾਨੀਆਂ ਵਰਤਣ।

ਮੋਬਾਈਲ ਵੈਨਾਂ ਦੁਆਰਾ ਹੁਣ ਤੱਕ ਕੀਤੀ ਗਈ ਡਾਕਟਰੀ ਜਾਂਚ ਬਾਰੇ ਡੀਜੀਪੀ ਨੇ ਦੱਸਿਆ ਕਿ ਪਟਿਆਲਾ ਰੇਂਜ ਵਿੱਚ ਸਭ ਤੋਂ ਵੱਧ 5791 ਪੁਲਿਸ ਮੁਲਾਜ਼ਮਾਂ ਬਾਰਡਰ ਰੇਂਜ ਵਿੱਚ 5396, ਆਈਜੀਪੀ ਜਲੰਧਰ ਰੇਂਜ ਦੇ 3327, ਰੂਪਨਗਰ ਰੇਂਜ ਵਿੱਚ 3002, ਬਠਿੰਡਾ ਰੇਂਜ ਵਿੱਚ 2264, ਫਿਰੋਜ਼ਪੁਰ ਰੇਂਜ ਵਿਚ 2055 ਅਤੇ ਲੁਧਿਆਣਾ ਰੇਂਜ ਵਿਚ 1332 ਪੁਲੀਸ ਮੁਲਾਜ਼ਮਾਂ ਦੀ ਜਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ ਕਮਿਸ਼ਨਰੇਟ ਆਫ਼ ਪੁਲੀਸ ਲੁਧਿਆਣਾ ਵਿਚ ਤਕਰੀਬਨ 3700 ਪੁਲਿਸ ਮੁਲਾਜ਼ਮਾਂ ਦੀ ਡਾਕਟਰੀ ਜਾਂਚ ਕੀਤੀ ਗਈ ਹੈ। ਇਸ ਦੇ ਨਾਲ ਹੀ ਕਮਿਸ਼ਨਰੇਟਜ਼ ਆਫ਼ ਪੁਲੀਸ ਅੰਮ੍ਰਿਤਸਰ ਅਤੇ ਜਲੰਧਰ ਵਿਚ ਕ੍ਰਮਵਾਰ 2500 ਅਤੇ 1300 ਪੁਲਿਸ ਮੁਲਾਜ਼ਮਾਂ ਦੀ ਜਾਂਚ ਕੀਤੀ ਗਈ ਹੈ।