ਸੁਖਬੀਰ ਲਈ ਫਿਰੋਜ਼ਪੁਰ ਨਾਲੋਂ ਬਠਿੰਡਾ ਵੱਕਾਰ ਦਾ ਸਵਾਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲਾਂ ਦੇ ਇਕ ਮੈਂਬਰ ਦੀ ਜਿੱਤ ਪੂਰੀ ਪਾਰਟੀ ਲਈ ਚੁਣੌਤੀ

Sukhbir Singh Badal

ਪੰਜਾਬ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਭਾਵੇਂ ਫਿਰੋਜ਼ਪੁਰ ਹਲਕੇ ਤੋਂ ਚੋਣ ਲੜ ਰਹੇ ਹਨ ਪਰ ਉਨ੍ਹਾਂ ਨੇ ਜ਼ਿਆਦਾ ਜ਼ੋਰ ਬਠਿੰਡਾ ਤੋਂ ਚੋਣ ਲੜ ਰਹੀ ਆਪਣੀ ਪਤਨੀ ਹਰਸਿਮਰਤ ਬਾਦਲ ਨੂੰ ਜਿਤਾਉਣ ਲਈ ਲਗਾਇਆ ਹੋਇਆ ਕਿਉਂਕਿ ਬਠਿੰਡਾ ਬਾਦਲ ਪਰਿਵਾਰ ਦਾ ਗੜ੍ਹ ਹੈ। ਇਸ ਲਈ ਇਹ ਸੀਟ ਉਨ੍ਹਾਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।

ਬੇਸ਼ੱਕ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਬਠਿੰਡਾ ਸੀਟ ਤੋਂ ਹਰਸਿਮਰਤ ਬਾਦਲ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਪਰ ਸੁਖਬੀਰ ਬਾਦਲ ਕਹਿਣਾ ਹੈ ਕਿ ਬਠਿੰਡਾ ਵਿਚ ਵੱਡੇ ਪੱਧਰ 'ਤੇ ਜਿੱਤ ਅਕਾਲੀ ਦਲ ਦੀ ਹੀ ਹੋਵੇਗੀ। ਹਰਸਿਮਰਤ ਬਾਦਲ ਬਠਿੰਡੇ ਤੋਂ ਮੌਜੂਦਾ ਸਾਂਸਦ ਅਤੇ ਮੋਦੀ ਸਰਕਾਰ ਵਿਚ ਕੇਂਦਰੀ ਮੰਤਰੀ ਹੈ।

ਅਕਾਲੀ ਦਲ ਨੂੰ ਪੂਰਾ ਯਕੀਨ ਹੈ ਕਿ ਅਗਲੀ ਵਾਰ ਫਿਰ ਤੋਂ ਕੇਂਦਰ ਵਿਚ ਮੋਦੀ ਸਰਕਾਰ ਆਵੇਗੀ ਅਤੇ ਉਹ ਫਿਰ ਤੋਂ ਹਰਸਿਮਰਤ ਨੂੰ ਮੰਤਰੀ ਬਣਾਉਣਗੇ। ਇਸ ਮੰਨਸ਼ਾ ਕਾਰਨ ਵੀ ਸੁਖਬੀਰ ਬਾਦਲ ਨੇ ਹਰਸਿਮਰਤ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾਇਆ ਹੋਇਆ। ਦਰਅਸਲ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲਿਆਂ ਨੂੰ ਲੈ ਕੇ ਸੂਬੇ ਦੀ ਵੱਡੀ ਗਿਣਤੀ ਜਨਤਾ ਵਲੋਂ ਅਕਾਲੀ ਦਲ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਜਿਸ ਕਾਰਨ ਪਾਰਟੀ ਦੇ ਕੁੱਝ ਉਮੀਦਵਾਰ ਤਾਂ ਖੜ੍ਹੇ ਹੋਣ ਲਈ ਵੀ ਤਿਆਰ ਨਹੀਂ ਸਨ ਇਹੀ ਵਜ੍ਹਾ ਹੈ ਕਿ ਸੁਖਬੀਰ ਬਾਦਲ ਖ਼ੁਦ ਫਿਰੋਜ਼ਪੁਰ ਹਲਕੇ ਤੋਂ ਚੋਣ ਲੜ ਰਹੇ ਹਨ ਭਾਵੇਂ ਕਿ ਉਹ ਆਪਣੀ ਜਿੱਤ ਨੂੰ ਯਕੀਨੀ ਕਰਾਰ ਦੇ ਰਹੇ ਹਨ ਪਰ ਅਪਣੇ ਨਾਲੋਂ ਅਪਣੀ ਪਤਨੀ ਦੀ ਜਿੱਤ ਉਨ੍ਹਾਂ ਲਈ ਜ਼ਿਆਦਾ ਅਹਿਮ ਮੰਨੀ ਜਾ ਰਹੀ ਹੈ। ਭਾਵੇਂ ਕਿ ਹਰਸਿਮਰਤ ਕੌਰ ਬਾਦਲ ਵਲੋਂ ਵੀ ਬਠਿੰਡੇ ਤੋਂ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ।

ਪਰ ਜਿਸ ਹਿਸਾਬ ਨਾਲ ਹਰਸਿਮਰਤ ਬਾਦਲ ਦਾ ਪਿੰਡਾਂ ਵਿਚ ਵਿਰੋਧ ਹੋ ਰਿਹਾ ਹੈ। ਉਸ ਹਿਸਾਬ ਨਾਲ ਜਿੱਤ ਦਾ ਰਸਤਾ ਇੰਨਾ ਸੌਖਾ ਨਹੀਂ। ਕਾਂਗਰਸ ਦੇ ਰਾਜਾ ਵੜਿੰਗ, ਆਪ ਦੀ ਬਲਜਿੰਦਰ ਕੌਰ ਅਤੇ ਪੀਡੀਏ ਦੇ ਸੁਖਪਾਲ ਸਿੰਘ ਖਹਿਰਾ ਉਨ੍ਹਾਂ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਇਨ੍ਹਾਂ ਵਿਚੋਂ ਜਿੱਤ ਦਾ ਸਿਹਰਾ ਕਿਸ ਦੇ ਸਿਰ ਸਜੇਗਾ। ਇਸ ਦਾ ਫ਼ਤਵਾ ਤਾਂ ਜਨਤਾ ਜਨਾਰਦਨ ਹੀ ਦੇਵੇਗੀ।