ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ ,ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ
ਕੁੱਝ ਮਹੀਨੇ ਪਹਿਲਾਂ ਹੋਇਆ ਸੀ ਮ੍ਰਿਤਕ ਦਾ ਵਿਆਹ
ਪਟਿਆਲਾ - ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਮੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਸ਼ੀਸ਼ਪਾਲ ਸਿੰਘ ਵਾਸੀ ਆਨੰਦ ਨਗਰ ਬੀ ਵਜੋਂ ਹੋਈ।
ਥਾਣਾ ਤ੍ਰਿਪੜੀ ਦੀ ਪੁਲਿਸ ਨੇ 10 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦਸਿਆ ਕਿ ਗੁਰਪ੍ਰੀਤ ਸਿੰਘ ਦਾ ਇਨ੍ਹਾਂ ਨਾਲ ਪਹਿਲਾਂ ਵੀ ਝਗੜਾ ਹੋਇਆ ਸੀ। ਉਸ ਮਾਮਲੇ ’ਚ ਗੁਰਪ੍ਰੀਤ ਸਿੰਘ ਖਿਲਾਫ਼ ਕੇਸ ਵੀ ਦਰਜ ਹੈ।
ਉਨ੍ਹਾਂ ਦਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਸ਼ੀਸ਼ਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਨਿਮਿਸ਼ ਪੁੱਤਰ ਸੰਦੀਪ ਕੁਮਾਰ ਵਾਸੀ ਸਿਉਣਾ, ਯਸ਼ ਉਰਫ ਜੋਧਾ, ਕਰਨ ਸੰਧੂ ਵਾਸੀ ਤ੍ਰਿਪੜੀ, ਇਰਸ਼ਜੀਤ ਸਿੰਘ ਉਰਫ ਜੋਗੀ ਅਤੇ ਹਰਸ਼ ਵਾਸੀ ਹਸਨਪੁਰ ਪ੍ਰੋਹਤਾਂ, ਸੋਨੂੰ ਵਾਸੀ ਤ੍ਰਿਪੜੀ ਪਟਿਆਲਾ, ਸੋਨੂੰ ਵਾਸੀ ਸਰਹੰਦ ਰੋਡ ਪਟਿਆਲਾ, ਮਲਕੀਤ ਉਰਫ ਚਿੱਟਾ ਵਾਸੀ ਸਰਹੰਦ ਰੋਡ ਪਟਿਆਲਾ, ਜਸ਼ਨ ਪੁੱਤਰ ਧਰਮਪਾਲ ਵਾਸੀ ਆਨੰਦ ਨਗਰ ਬੀ ਪਟਿਆਲਾ ਅਤੇ 2-3 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਕੇਸ ਦਰਜ ਕਰਕੇ ਪੁਲਿਸ ਨੇ ਜਾਂਚ ਤੇਜ਼ ਕਰ ਦਿਤੀ ਹੈ।
ਮ੍ਰਿਤਕ ਦੇ ਪਿਤਾ ਸ਼ੀਸ਼ਪਾਲ ਮੁਤਾਬਕ ਉਕਤ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਗੁਰਪ੍ਰੀਤ ਸਿੰਘ ਨੂੰ ਧਮਕੀਆਂ ਦੇ ਰਹੇ ਸਨ। ਵਾਰਦਾਤ ਵਾਲੀ ਰਾਤ ਗੁਰਪ੍ਰੀਤ ਦੀ ਮਾਂ ਨੇ ਉਸ ਦੇ ਪਿਤਾ ਨੂੰ ਫੋਨ ਕੀਤਾ ਕਿ ਉਕਤ ਵਿਅਕਤੀਆਂ ਨੇ ਗੁਰਪ੍ਰੀਤ ਸਿੰਘ ਨੂੰ ਘੇਰ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿਤਾ। ਗੁਰਪ੍ਰੀਤ ਸਿੰਘ ਦਾ ਹਾਲ ਹੀ ’ਚ ਵਿਆਹ ਹੋਇਆ ਸੀ ਅਤੇ ਉਹ ਨਾਈ ਦੀ ਦੁਕਾਨ ਚਲਾਉਂਦਾ ਸੀ।