ਗ਼ਰੀਬ ਗ੍ਰੰਥੀ ਸਿੰਘ ਦੇ ਪੁੱਤ ਨੇ 12ਵੀਂ ਜਮਾਤ ’ਚੋਂ ਮਾਰੀ ਵੱਡੀ ਮੱਲ
ਅੰਤਰਜੋਤ ਸਿੰਘ ਨੇ 12ਵੀਂ ’ਚ 97.4 ਫ਼ੀ ਸਦੀ ਨੰਬਰ ਹਾਸਲ ਕੀਤੇ
ਬੀਤੇ ਦਿਨੀ ਪੰਜਾਬ ਸਿਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਏ ਗਏ ਸਨ। ਜਿਸ ਵਿਚ ਬਹੁਤ ਸਾਰੇ ਮੁੰਡੇ ਤੇ ਕੁੜੀਆਂ ਨੇ ਦਿਨ ਰਾਤ ਮਿਹਨਤ ਕਰ ਕੇ ਚੰਗੇ ਨੰਬਰ ਲਏ ਤੇ ਮੈਰਿਟ ਵਿਚ ਆਏ ਤੇ ਆਪਣੇ ਮਾਪਿਆਂ, ਸਕੂਲ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਇਕ ਨੌਜਵਾਨ ਜਿਸ ਦਾ ਨਾਮ ਅੰਤਰਜੋਤ ਸਿੰਘ ਹੈ, ਜਿਸ ਨੇ 12ਵੀਂ ਜਮਾਤ ਵਿਚ 97.4 ਫ਼ੀ ਸਦੀ ਨੰਬਰ ਹਾਸਲ ਕੀਤੇ ਹਨ। ਅੰਤਰਜੋਤ ਸਿੰਘ ਦੇ ਪਿਤਾ ਪਾਠੀ ਸਿੰਘ ਹਨ ਤੇ ਨਾਲ-ਨਾਲ ਪਲੰਬਰ ਦਾ ਕੰਮ ਵੀ ਕਰਦੇ ਹਨ ਤੇ ਮਾਤਾ ਇਕ ਯੂਨੀਵਰਸੀਟੀ ਵਿਚ ਸੇਵਾਦਾਰ ਦੇ ਤੌਰ ’ਤੇ ਕੰਮ ਕਰਦੀ ਹੈ।
ਜੋ ਕਿ ਇਕ ਬਹੁਤ ਹੀ ਗ਼ਰੀਬ ਪਰਿਵਾਰ ਹੈ। ਅੰਤਰਜੋਤ ਸਿੰਘ ਦੇ ਘਰ ਲੋਕ ਵਧਾਈਆਂ ਦੇਣ ਆ ਰਹੇ ਹਨ। ਅੰਤਰਜੋਤ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਮੋਹਾਲੀ ਦਾ ਵਿਦਿਆਰਥੀ ਹਾਂ। ਸਭ ਤੋਂ ਜ਼ਿਆਦਾ ਮੈਂ ਆਪਣੇ ਅਧਿਆਪਕਾਂ ਦਾ ਧਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਦਿਨ ਰਾਤ ਮਿਹਨਤ ਕਰ ਕੇ ਪੜ੍ਹਾਇਆ ਤੇ ਮੇਰੇ ਮਾਪਿਆਂ ਦਾ ਵੀ ਮੈਨੂੰ ਪੂਰਾ ਸਹਿਯੋਗ ਰਿਹਾ ਹੈ, ਜਿਨ੍ਹਾਂ ਨੇ ਮੇਰੀ ਹਰ ਇਕ ਜ਼ਰੂਰਤ ਪੂਰੀ ਕੀਤੀ ਤੇ ਮੇਰੀਆਂ ਦੋ ਭੈਣਾਂ ਨੇ ਵੀ ਮੈਨੂੰ ਪੂਰਾ ਸਹਿਯੋਗ ਦਿੰਦੀਆਂ ਹਨ।
ਮੈਂ ਸਕੂਲ ਤੋਂ ਆ ਕੇ ਅਰਾਮ ਕਰਦਾ ਸੀ। ਜਿਸ ਤੋਂ ਬਾਅਦ ਮੈਂ ਪੜ੍ਹਦਾ ਸੀ। ਮੈਂ ਰਾਤ ਨੂੰ 10 ਵਜੇ ਤਕ ਸੌਂ ਜਾਂਦਾ ਸੀ ਤੇ ਤੜਕੇ 4 ਵਜੇ ਉਠ ਕੇ ਪੜ੍ਹਦਾ ਹੁੰਦਾ ਸੀ। ਮੈਂ ਬਾਰ੍ਹਵੀਂ ਤੋਂ ਬਾਅਦ ਬੀਐਸਐਮਐਸ ਦੀ ਡਿਊਲ ਡਿਗਰੀ ਤੇ ਅੱਗੇ ਪੀਐਚਡੀ ਕਰ ਕੇ ਇਕ ਵਿਗਿਆਨੀ ਬਣਨਾ ਚਾਹੁੰਦਾ ਹਾਂ ਤੇ ਆਪਣੇ ਦੇਸ਼ ਨੂੰ ਹੋਰ ਤਰੱਕੀਆਂ ਤਕ ਲੈ ਜਾਣਾ ਚਾਹੁੰਦਾ ਹਾਂ। ਅੰਤਰਜੋਤ ਸਿੰਘ ਨੇ ਕਿਹਾ ਕਿ ਦਸਵੀਂ ਵਿਚ ਮੇਰੇ 93 ਫ਼ੀ ਸਦੀ ਨੰਬਰ ਆਏ ਸਨ ਤੇ ਮੈਂ ਹੁਣ ਬਾਰ੍ਹਵੀਂ ਵਿਚ 97.4 ਫ਼ੀ ਸਦੀ ਨੰਬਰ ਲਏ ਹਨ। ਮੈਂ ਪੰਜਾਬ ਵਿਚ 13ਵੇਂ ਸਥਾਨ ’ਤੇ ਆਇਆ ਹਾਂ। ਮੈਨੂੰ ਮਿਊਜਿਕ ਦਾ ਬਹੁਤ ਸ਼ੌਂਕ ਹੈ।
ਸਾਨੂੰ ਹਮੇਸਾ ਦੋ ਲਾਈਨਾਂ ਫੜਨੀਆਂ ਚਾਹੀਦੀਆਂ ਹਨ ਕਿਉਂ ਕਿ ਜੇ ਪੜ੍ਹਾਈ ਵਿਚ ਰੁਕਾਵਟ ਆਵੇ ਤਾਂ ਅਸੀਂ ਦੂਜੀ ਲਾਈਨ ਫੜ ਸਕੀਏ। ਇਸੇ ਕਰ ਕੇ ਮੈਂ ਹਰਮੋਨੀਅਮ ਸਿੱਖਿਆ ਤੇ ਹੁਣ ਮੈਂ ਹਰਮੋਨੀਅਮ ਦਾ ਮਾਸਟਰ ਬਣ ਚੁੱਕਿਆ ਹਾਂ। ਅੰਤਰਜੋਤ ਸਿੰਘ ਕਿਹਾ ਕਿ ਅੱਜ ਦੇ ਸਮੇਂ ਵਿਚ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਪਸੰਦ ਕਰਦੇ ਹਨ ਪਰ ਮੈਂ ਕਹਿੰਦਾ ਹਾਂ ਕਿ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣੇ ਚਾਹੀਦੇ ਹਨ।
ਅੰਤਰਜੋਤ ਸਿੰਘ ਦੇ ਪਿਤਾ ਨੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਇਸ ਮੁਕਾਮ ਤਕ ਪਹੁੰਚਾਇਆ ਹੈ। ਅਸੀਂ ਅਧਿਆਪਕਾਂ ਦਾ ਵੀ ਧਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਪੜ੍ਹਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਮੈਂ ਚੰਡੀਗੜ੍ਹ ਯੂਨੀਵਰਸੀਟੀ ਵਿਚ ਪਲੰਬਰ ਦਾ ਕੰਮ ਕਰਦਾ ਹਾਂ ਤੇ ਨਾਲ-ਨਾਲ ਪਿੰਡ ਵਿਚ ਪਾਠੀ ਸਿੰਘ ਵੀ ਹਾਂ। ਸਾਨੂੰ ਆਪਣੇ ਬੱਚੇ ’ਤੇ ਮਾਣ ਹੈ ਜੋ ਇੰਨੀ ਮਿਹਨਤ ਕਰ ਰਿਹਾ ਹੈ।
ਅੰਤਰਜੋਤ ਸਿੰਘ ਦੀ ਮਾਤਾ ਜੀ ਨੇ ਵੀ ਪਰਮਾਤਮਾ ਦਾ ਸੁਕਰਾਨਾ ਕਰਦੇ ਹੋਏ ਕਿਹਾ ਕਿ ਸਾਰਿਆਂ ਬੱਚੇ ਮੇਰੇ ਬੱਚੇ ਵਾਂਗ ਚੰਗਾ ਪੜ੍ਹਨ ਤੇ ਤਰੱਕੀਆਂ ਕਰਨ। ਪਿੰਡ ਦੇ ਸਰਪੰਚ ਨੇ ਕਿਹਾ ਕਿ ਅੰਤਰਜੋਤ ਸਿੰਘ ਦਾ ਪਰਿਵਾਰ ਬਹੁਤ ਗ਼ਰੀਬ ਪਰਿਵਾਰ ਹੈ ਜੋ ਸ਼ੁਰੂ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਆਪਣੇ ਬੱਚਿਆਂ ਨੂੰ ਅੱਗੇ ਵਧਣ ’ਚ ਕੋਈ ਕਸਰ ਨਹੀਂ ਛੱਡੀ। ਸਾਨੂੰ ਬੜੀ ਖ਼ੁਸ਼ੀ ਹੈ ਕਿ ਅੰਤਰਜੋਤ ਸਿੰਘ ਨੇ ਆਪਣੇ ਮਾਪਿਆਂ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।