ਪੰਜਾਬ, ਹਰਿਆਣਾ 'ਚ ਕਈ ਥਾਵਾਂ 'ਤੇ ਮੀਂਹ ਮਗਰੋਂ ਧੂੜ ਭਰੀ ਧੁੰਦ ਤੋਂ ਮਿਲੀ ਰਾਹਤ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਅਤੇ ਚੰਡੀਗੜ੍ਹ 'ਚ ਅੱਜ ਮੀਂਹ ਪਿਆ ਜਿਸ ਨਾਲ ਪਿਛਲੇ ਤਿੰਨ ਦਿਨਾਂ ਤੋਂ ਖੇਤਰ 'ਚ ਛਾਈ ਧੂੜ ਭਰੀ ਧੁੰਦ......

Rain in Punjab and Haryana

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਅਤੇ ਚੰਡੀਗੜ੍ਹ 'ਚ ਅੱਜ ਮੀਂਹ ਪਿਆ ਜਿਸ ਨਾਲ ਪਿਛਲੇ ਤਿੰਨ ਦਿਨਾਂ ਤੋਂ ਖੇਤਰ 'ਚ ਛਾਈ ਧੂੜ ਭਰੀ ਧੁੰਦ ਹਟ ਗਈ ਅਤੇ ਘੱਟ ਦਿਸਣ ਕਰ ਕੇ ਪ੍ਰਭਾਵਤ ਹੋਈਆਂ ਉਡਾਣਾਂ ਵੀ ਸ਼ੁਰੂ ਹੋ ਗਈਆਂ। ਪਿਛਲੇ ਦੋ ਦਿਨਾਂ ਤੋਂ ਘੱਟ ਦਿਸਣ ਕਰ ਕੇ ਜ਼ਿਆਦਾਤਰ ਉਡਾਣਾਂ ਰੱਦ ਕਰਨੀਆਂ ਪਈਆਂ ਸਨ।

ਮੀਂਹ ਬੀਤੀ ਅੱਧੀ ਰਾਤ ਤੋਂ ਸ਼ੁਰੂ ਹੋਇਆ ਅਤੇ ਇਸ ਕਰ ਕੇ ਧੂੜ ਭਰੀ ਧੁੰਦ ਹੱਟ ਗਈ ਜਿਸ ਨਾਲ ਦੋਹਾਂ ਸੂਬਿਆਂ 'ਚ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਸੀ। ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਸਮੇਤ ਚੰਡੀਗੜ੍ਹ 'ਚ ਵੀ ਅੱਜ ਭਾਰੀ ਮੀਂਹ ਪਿਆ। ਇਸ ਕਰ ਕੇ ਲੋਕਾਂ ਨੂੰ ਧੂੜ ਭਰੀ ਧੁੰਦ ਅਤੇ ਹੁੰਮਸ ਭਰੇ ਮੌਸਮ ਤੋਂ ਰਾਹਤ ਮਿਲੀ। 

ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮੀਂਹ ਤੋਂ ਬਾਅਦ ਤਾਪਮਾਨ 'ਚ ਕਈ ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ। ਪੰਜਾਬ ਅਤੇ ਹਰਿਆਣਾ 'ਚ ਧੂੜ ਭਰੀ ਧੁੰਦ ਕਰ ਕੇ ਪਿਛਲੇ ਤਿੰਨ ਦਿਨਾਂ 'ਚ ਹਵਾ ਦੇ ਮਿਆਰ 'ਤੇ ਬੁਰਾ ਅਸਰ ਪਿਆ ਸੀ।  ਉਧਰ ਦਿੱਲੀ 'ਚ ਪ੍ਰਦੂਸ਼ਣ ਦਾ ਪੱਛਰ ਅੱਜ ਕੁੱਝ ਘੱਟ ਤਾਂ ਹੋਇਆ ਪਰ ਅੱਜ ਵੀ ਇਹ 'ਖ਼ਤਰਨਾਕ' ਪੱਧਰ 'ਤੇ ਹੀ ਰਿਹਾ।

ਐਸ.ਏ.ਐਫ਼.ਏ.ਆਰ. ਨੇ ਕਿਹਾ ਕਿ 'ਬਹੁਤ ਖ਼ਤਰਨਾਕ' ਪੱਧਰ 'ਤੇ ਪੁੱਜ ਗਿਆ ਪ੍ਰਦੂਸ਼ਣ ਦਾ ਪੱਧਰ ਹੌਲੀ-ਹੌਲੀ ਘੱਟ ਹੋ ਰਿਹਾ ਹੈ ਕਿਉਂਕਿ ਪ੍ਰਦੂਸ਼ਕ ਘੱਟ ਹੋ ਗਏ ਹਨ। ਪ੍ਰਦੁਸ਼ਣ ਬੋਰਡ ਅਨੁਸਾਰ ਪੀ.ਐਮ. 10 ਦਾ ਪੱਧਰ (10 ਮਿਲੀਮੀਟਰ ਤੋਂ ਘੱਟ ਮੋਟਾਈ ਵਾਲੇ ਕਣਾਂ ਦੀ ਮੌਜੂਦਗੀ) ਅੱਜ ਦਿੱਲੀ-ਐਨ.ਸੀ.ਆਰ. 'ਚ 522 ਅਤੇ ਦਿੱਲੀ 'ਚ 529 ਮਾਪੀ ਗਈ। ਬੁਧਵਾਰ ਨੂੰ ਇਹ 824 ਤਕ ਪੁੱਜ ਗਿਆ ਸੀ।  (ਪੀਟੀਆਈ)