ਪਨਬੱਸ ਦੀ ਹੜਤਾਲ: ਸਰਕਾਰ ਨੂੰ ਲੱਗਾ ਪੰਜ ਕਰੋੜ ਦਾ ਵਿੱਤੀ ਰਗੜਾ
ਪੰਜਾਬ ਟਰਾਂਸਪੋਰਟ ਵਿਭਾਗ ਦੀਆਂ ਪਨਬਸ ਬਸਾਂ ਦੀ ਹੜਤਾਲ ਕਾਰਨ ਸਰਕਾਰ ਨੂੰ ਹਰ ਰੋਜ਼ ਢਾਈ ਕਰੋੜ ਰੁਪਏ ਦਾ ਵਿੱਤੀ ਘਾਟਾ ਪਿਆ ਹੈ..........
ਚੰਡੀਗੜ੍ਹ : ਪੰਜਾਬ ਟਰਾਂਸਪੋਰਟ ਵਿਭਾਗ ਦੀਆਂ ਪਨਬਸ ਬਸਾਂ ਦੀ ਹੜਤਾਲ ਕਾਰਨ ਸਰਕਾਰ ਨੂੰ ਹਰ ਰੋਜ਼ ਢਾਈ ਕਰੋੜ ਰੁਪਏ ਦਾ ਵਿੱਤੀ ਘਾਟਾ ਪਿਆ ਹੈ। ਮੁਲਾਜ਼ਮਾਂ ਵਲੋਂ ਚੱਕਾ ਜਾਮ ਕਰਨ ਨਾਲ 50 ਵੋਲਵੋ ਅਤੇ 1258 ਆਮ ਬਸਾਂ ਸਰਕਾਰ ਲਈ ਚਿੱਟਾ ਹਾਥੀ ਬਣ ਕੇ ਰਹਿ ਗਈਆਂ ਸਨ। 10 ਰਾਜਾਂ ਲਈ 1500 ਤੋਂ ਵੱਧ ਰੂਟਾਂ 'ਤੇ ਬੱਸ ਸੇਵਾ ਠੱਪ ਹੋ ਕੇ ਰਹਿ ਗਈ ਸੀ। ਪਨਬਸ ਦੀਆਂ 1308 ਬਸਾਂ ਤੋਂ ਸਰਕਾਰ ਨੂੰ ਰੋਜ਼ਾਨਾ ਢਾਈ ਕਰੋੜ ਦੀ ਵਟਕ ਹੁੰਦੀ ਹੈ। ਇਸ ਤਰ੍ਹਾਂ ਦੋ ਦਿਨਾਂ ਵਿਚ ਸਰਕਾਰ ਨੂੰ 5 ਕਰੋੜ ਦਾ ਵਿੱਤੀ ਝਟਕਾ ਲੱਗਾ ਹੈ।
ਪੰਜਾਬ ਸਮੇਤ ਦੂਜੇ ਰਾਜਾਂ ਨੂੰ ਵੱਡੀ ਗਿਣਤੀ ਵਿਚ ਪਨਬਸ ਦੀਆਂ ਬਸਾਂ ਚਲ ਰਹੀਆਂ ਹਨ। ਪੰਜਾਬ ਰੋਡਵੇਜ਼ ਦੀਆਂ ਬਸਾਂ ਦੀ ਗਿਣਤੀ ਪਨਬਸ ਨਾਲੋਂ ਮਸਾਂ ਤੀਜਾ ਹਿੱਸਾ 548 ਹੈ ਪਰ ਇਨ੍ਹਾਂ ਵਿਚੋਂ ਕਈ ਕੰਡਮ ਖੜੀਆਂ ਹਨ। ਪਨਬਸ ਲਈ ਪੰਜਾਬ ਸਰਕਾਰ ਵਲੋਂ ਵਿੱਤੀ ਸਾਲ ਦੇ ਬਜਟ ਵਿਚ ਕੋਈ ਪੈਸਾ ਨਹੀਂ ਰਖਿਆ ਗਿਆ ਅਤੇ 1308 ਬਸਾਂ ਦਾ ਬੇੜਾ ਬੈਂਕਾਂ ਤੋਂ ਫ਼ਾਇਨਾਂਸ ਕਰਵਾਇਆ ਜਾਂਦਾ ਰਿਹਾ ਹੈ। ਇਨ੍ਹਾਂ ਵਿਚੋਂ 158 ਬਸਾਂ ਕਰਜ਼ਾਮੁਕਤ ਹੋ ਚੁਕੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਪਨਬਸ ਦੀਆਂ ਕਰਜ਼ਾਮੁਕਤ ਬਸਾਂ ਦਾ ਰਲੇਵਾਂ ਪੰਜਾਬ ਰੋਡਵੇਜ਼ ਵਿਚ ਕਰ ਦਿਤਾ ਗਿਆ ਹੈ।
ਸਰਕਾਰ ਨੇ ਪਨਬਸ ਸੇਵਾ 11 ਸਾਲ ਪਹਿਲਾਂ ਸਾਲ 2007 ਵਿਚ ਸ਼ੁਰੂ ਕੀਤੀ ਸੀ। ਪਨਬਸ ਦੀਆਂ 1308 ਬਸਾਂ ਲਈ 4500 ਡਰਾਈਵਰ ਅਤੇ ਕੰਡਕਟਰ ਰੱਖੇ ਗਏ ਹਨ। ਔਸਤਨ ਇਕ ਚਾਰ ਦਾ ਅਨੁਪਾਤ ਬਣਦਾ ਹੈ। ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ 2014 ਵਿਚ ਪਨਬਸ ਲਈ ਸਟਾਫ਼ ਆਊਟਸੋਰਸਿੰਗ ਰਾਹੀਂ ਭਰਤੀ ਕੀਤਾ ਸੀ। ਡਰਾਈਵਰਾਂ ਨੂੰ 9100 ਰੁਪਏ ਅਤੇ ਕੰਡਕਟਰਾਂ ਨੂੰ 8100 ਰੁਪਏ ਮਹੀਨਾ ਤਨਖ਼ਾਹ ਦਿਤੀ ਜਾ ਰਹੀ ਹੈ, ਇਸ ਤੋਂ ਬਿਨਾਂ ਕੋਈ ਟੀਏ, ਡੀਏ ਨਹੀਂ। ਪਿਛਲੀ ਸਰਕਾਰ ਨੇ 2016 ਵਿਚ ਮੁਲਾਜ਼ਮ ਭਲਾਈ ਐਕਟ ਬਣਾ ਕੇ ਠੇਕੇ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਸੀ।
ਇਸ ਐਕਟ ਤਹਿਤ 1500 ਦੇ ਕਰੀਬ ਮੁਲਾਜ਼ਮ ਆਊਟਸੋਰਸ ਵਿਚੋਂ ਕੱਢ ਕੇ ਪਨਬਸ ਵਿਚ ਸਿੱਧੇ ਭਰਤੀ ਕਰ ਲਏ ਗਏ ਸਨ। ਪਨਬਸ 'ਚ ਪਿੱਛੇ ਰਹਿ ਗਏ ਤਿੰਨ ਹਜ਼ਾਰ ਮੁਲਾਜ਼ਮ ਵੀ ਖ਼ੁਦ ਨੂੰ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਮੁਲਾਜ਼ਮਾਂ ਦਾ ਇਹ ਵੀ ਕਹਿਣਾ ਹੈ ਕਿ ਪਨਬਸ ਦੀਆਂ ਕਰਜ਼ਾਮੁਕਤ ਬਸਾਂ ਦਾ ਪੰਜਾਬ ਰੋਡਵੇਜ਼ ਵਿਚ ਰਲੇਵਾਂ ਕਰਨ ਦੇ ਨਾਲ ਹੀ ਮੁਲਾਜ਼ਮਾਂ ਨੂੰ ਵੀ ਰੋਡਵੇਜ਼ ਵਿਚ ਭੇਜ ਦੇਣਾ ਬਣਦਾ ਹੈ। ਇਹ ਸਾਰੇ ਮੁਲਾਜ਼ਮ ਇਕ ਪ੍ਰਾਈਵੇਟ ਕੰਪਨੀ ਰਾਹੀਂ ਭਰਤੀ ਕੀਤੇ ਗਏ ਹਨ ਅਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਤਨਖ਼ਾਹ ਵਿਚੋਂ ਕੱਟੇ ਜਾ ਰਹੇ ਪ੍ਰਾਵੀਡੇਂਟ ਫ਼ੰਡ ਬਾਰੇ ਵੀ ਹਨੇਰੇ ਵਿਚ ਰਖਿਆ ਗਿਆ ਹੈ।
ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਚੱਕਾ ਜਾਮ ਹੜਤਾਲ ਵਿਚ ਸਿਰਫ਼ ਕੱਚੇ ਮੁਲਾਜ਼ਮ ਹੀ ਸ਼ਾਮਲ ਹੋਏ ਹਨ ਅਤੇ ਹਰ ਰੋਜ਼ ਇਕ ਕਰੋੜ 45 ਲੱਖ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਊਟਸੋਰਸਿੰਗ ਰਾਹੀਂ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਿਚ ਸਰਕਾਰ ਅਸਮਰੱਥ ਹੈ। ਪਨਬਸ ਮੁਲਾਜ਼ਮ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਭਗਤ ਸਿੰਘ ਭਗਤਾ ਨੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਅਣਮਿੱਥੇ ਸਮੇਂ ਲਈ ਬਸਾਂ ਦਾ ਚੱਕਾ ਜਾਮ ਕਰਨ ਦੀ ਧਮਕੀ ਦਿਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਅਗਲੀ ਹੜਤਾਲ ਵਿਚ ਪੰਜਾਬ ਰੋਡਵੇਜ਼ ਅਤੇ ਪ੍ਰਾਈਵੇਟ ਬਸਾਂ ਦੇ ਮੁਲਾਜ਼ਮ ਵੀ ਸ਼ਾਮਲ ਹੋਣਗੇ।