ਨਸ਼ਾ ਛੁਡਾਊ ਕੇਂਦਰਾਂ 'ਚ ਸੇਵਾਵਾਂ ਦੇਣਗੇ ਸੇਵਾਮੁਕਤ ਮਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਊ ਕੇਂਦਰਾਂ ਵਿਚ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਤਾਦਾਦ ਨੂੰ ਵੇਖਦਿਆਂ ਮਨੋਰੋਗਾਂ ਦੇ ਸੇਵਾ-ਮੁਕਤ ਮਾਹਰਾਂ.............

Capt. Amarinder Singh Presiding the Meeting

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਊ ਕੇਂਦਰਾਂ ਵਿਚ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਤਾਦਾਦ ਨੂੰ ਵੇਖਦਿਆਂ ਮਨੋਰੋਗਾਂ ਦੇ ਸੇਵਾ-ਮੁਕਤ ਮਾਹਰਾਂ ਦੀਆਂ ਸੇਵਾਵਾਂ ਲੈਣ ਅਤੇ ਪ੍ਰਾਈਵੇਟ ਮਾਹਰਾਂ ਦੀਆਂ ਕੁਲਵਕਤੀ ਜਾਂ ਜੁਜ਼ਵਕਤੀ ਸੇਵਾਵਾਂ ਹਾਸਲ ਕਰਨ ਦੇ ਹੁਕਮ ਦਿਤੇ ਹਨ। ਵੱਖ-ਵੱਖ ਸਰਕਾਰੀ ਏਜੰਸੀਆਂ ਵਲੋਂ ਹੁਣ ਤਕ ਚੁੱਕੇ ਗਏ ਨਸ਼ਾ ਵਿਰੋਧੀ ਕਦਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਦੀ ਹਫ਼ਤਾਵਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਵਿਚ ਨਸ਼ਾ ਛੱਡਣ ਲਈ ਆਉਂਦੇ ਵਿਅਕਤੀਆਂ

ਅਤੇ ਉਨ੍ਹਾਂ ਦੇ ਪਰਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਣਨੀਤੀ ਘੜਨ ਦੇ ਹੁਕਮ ਦਿਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨਸ਼ਿਆਂ ਦੀ ਲਾਹਨਤ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਗਰੂਕਤਾ ਫੈਲਾਉਣ ਲਈ ਵਿਆਪਕ ਮੀਡੀਆ ਮੁਹਿੰਮ ਆਰੰਭਣ ਦੀ ਵੀ ਹਦਾਇਤ ਕੀਤੀ। ਮੁੱਖ ਮੰਤਰੀ ਨੇ ਜ਼ਿਲ੍ਹਾ ਅਥਾਰਟੀਆਂ ਨੂੰ ਤੈਅ ਨੇਮਾਂ ਦੀ ਸਰਾਸਰ ਉਲੰਘਣਾ ਕਰ ਕੇ ਵੱਡੀ ਮਾਤਰਾ 'ਚ ਬੁਪਰੀਨੋਰਫੀਨ-ਨੈਲੋਕਸਏਨ ਦਵਾਈ ਦੀ ਵਿਕਰੀ ਕਰਨ ਵਾਲੇ ਕੇਂਦਰਾਂ ਵਿਰੁਧ ਕਾਰਵਾਈ ਕਰਨ ਲਈ ਵੀ ਆਖਿਆ।

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਵਿਚ ਐਸ.ਡੀ.ਐਮ., ਬੀ.ਡੀ.ਪੀ.ਓ. ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨੇੜਲੇ ਓ.ਓ.ਏ.ਟੀ. ਸੈਂਟਰਾਂ ਦੀ ਸੂਚੀ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਬੱਸ ਅੱਡਿਆਂ, ਸਰਕਾਰੀ ਹਸਪਤਾਲਾਂ ਅਤੇ ਸਿਵਲ ਡਿਸਪੈਂਸਰੀਆਂ ਸਮੇਤ ਪ੍ਰਮੁੱਖ ਥਾਵਾਂ 'ਤੇ ਜਨਤਕ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਸਬੰਧਤ ਜ਼ਿਲ੍ਹਿਆਂ ਦੇ ਮੰਤਰੀਆਂ ਨੂੰ ਵਿਧਾਇਕਾਂ ਸਮੇਤ ਨਿਰੰਤਰ ਮੀਟਿੰਗਾਂ ਕਰਨ ਲਈ ਵੀ ਆਖਿਆ।

ਬਾਹਰੀ ਮਰੀਜ਼ਾਂ ਦਾ ਬਦਲਵੀਂ ਵਿਧੀ ਰਾਹੀਂ ਇਲਾਜ ਕਰਨ ਵਾਲੇ ਓ.ਓ.ਏ.ਟੀ. ਸੈਂਟਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਦੇ ਕੰਮ ਵਿਚ ਤੈਅ ਪ੍ਰਕ੍ਰਿਆ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਹੁਕਮ ਦਿਤੇ। ਮੀਟਿੰਗ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਰਵੀਨ ਠੁਕਰਾਲ, ਸੁਰੇਸ਼ ਕੁਮਾਰ, ਤੇਜਵੀਰ ਸਿੰਘ, ਐਨ.ਐਸ. ਕਲਸੀ, ਸਤੀਸ਼ ਚੰਦਰਾ, ਸੁਰੇਸ਼ ਅਰੋੜਾ ਆਦਿ ਹਾਜ਼ਰ ਸਨ।