ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਵਿਚ ਤੈਨਾਤ ਹੋਵੇਗਾ ਸੜਕ ਸੁਰੱਖਿਆ ਬਲ
ਨਿਯੁਕਤ ਕੀਤੇ ਜਾਣਗੇ ਆਧੁਨਿਕ ਉਪਕਰਨਾਂ ਨਾਲ ਲੈਸ ਕਰੀਬ 13 ਹਜ਼ਾਰ ਮੁਲਾਜ਼ਮ
ਸ਼ਰਾਬ ਪੀ ਕੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਵਾਲਿਆਂ ਦੀ ਨਹੀਂ ਖ਼ੈਰ
ਰੋਜ਼ਾਨਾ ਵਾਪਰ ਰਹੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੇ ਲਿਆ ਫ਼ੈਸਲਾ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਵਿਚ ਆਵਾਜਾਈ ਪ੍ਰਬੰਧਾਂ ਨੂੰ ਪੁਖਤਾ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਹੀ ਸਰਕਾਰ ਵਲੋਂ ਸੜਕ ਸੁਰੱਖਿਆ ਬਲ ਯਾਨੀ ਰੋਡ ਸੇਫਟੀ ਫੋਰਸ ਨਾਂਅ ਦੀ ਇਕ ਫੋਰਸ ਤੈਨਾਤ ਕੀਤੀ ਜਾਵੇਗੀ ਜੋ ਰੋਜ਼ਾਨਾ ਵਾਪਰ ਰਹੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਵਿਚ ਸਹਾਈ ਹੋਵੇਗੀ।
ਜਾਣਕਾਰੀ ਅਨੁਸਾਰ ਸਰਕਾਰ ਵਲੋਂ ਤੈਨਾਤ ਕੀਤੀ ਜਾਣ ਵਾਲੀ ਇਸ ਫੋਰਸ ਵਿਚ 13 ਹਜ਼ਾਰ ਮੁਲਾਜ਼ਮ ਹੋਣਗੇ ਅਤੇ ਇਹ ਫੋਰਸ ਪੰਜਾਬ ਪੁਲਿਸ ਦਾ ਹੀ ਹਿੱਸਾ ਹੋਵੇਗੀ। ਇਨ੍ਹਾਂ ਦੀ ਤੈਨਾਤੀ ਉਨ੍ਹਾਂ ਕੌਮੀ ਅਤੇ ਸੂਬੇ ਦੀਆਂ ਸੜਕਾਂ 'ਤੇ ਕੀਤੀ ਜਾਵੇਗੀ ਜਿਥੇ ਹਰ ਸਾਲ ਕਰੀਬ 75 ਫ਼ੀ ਸਦੀ ਹਾਦਸੇ ਵਾਪਰਦੇ ਹਨ।
ਇਹ ਵੀ ਪੜ੍ਹੋ: ਪਾਕਿਸਤਾਨ : ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
ਦੱਸ ਦੇਈਏ ਕਿ ਇਸ ਵਿਸ਼ੇਸ਼ ਸੁਰੱਖਿਆ ਟੁਕੜੀ ਵਿਚ ਨਿਯੁਕਤ ਕੀਤੇ ਜਾਣ ਵਾਲੇ ਮੁਲਾਜ਼ਮ ਬਾਡੀ ਕੈਮਰੇ ਅਤੇ ਸਾਹ ਦੀ ਜਾਂਚ ਕਰਨ ਵਾਲੇ ਆਧੁਨਿਕ ਉਪਕਰਨਾਂ ਨਾਲ ਲੈਸ ਹੋਣਗੇ। ਇਸ ਤੋਂ ਇਲਾਵਾ ਵਾਹਨਾਂ ਦੀ ਰਫ਼ਤਾਰ ਜਾਂਚਣ ਲਈ ਇਨ੍ਹਾਂ ਨੂੰ ਇੰਟਰਸੈਪਟਰ ਵੀ ਮੁਹਈਆ ਕਰਵਾਏ ਜਾਣਗੇ।
ਨੋਡਲ ਅਫ਼ਸਰ ਅਤੇ ਐਡੀਸ਼ਨਲ ਡੀ.ਜੀ.ਪੀ. ਏ.ਐਸ.ਰਾਏ. ਦਾ ਕਹਿਣਾ ਹੈ ਕਿ ਸੜਕ ਸੁਰੱਖਿਆ ਬਲ ਦੀ ਤੈਨਾਤੀ 15 ਅਗਸਤ ਤੋਂ ਪਹਿਲਾਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਦਸਣ ਮੁਤਾਬਕ ਪੰਜਾਬ ਸਰਕਾਰ ਵਲੋਂ ਇਸ ਵਿਸ਼ੇਸ਼ ਬਲ ਲਈ ਕਰੀਬ 40 ਕਰੋੜ ਰੁਪਏ ਖ਼ਰਚੇ ਜਾਣਗੇ ਅਤੇ ਮੁਲਾਜ਼ਮਾਂ ਨੂੰ ਵਿਸ਼ੇਸ਼ ਵਰਦੀ ਵੀ ਮੁਹਈਆ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਸੜਕ ਹਾਦਸਿਆਂ ਵਿਚ ਰੋਜ਼ਾਨਾ 12 ਤੋਂ 14 ਮੌਤਾਂ ਹੁੰਦੀਆਂ ਹਨ ਅਤੇ ਇਨ੍ਹਾਂ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਜੇਕਰ ਹਾਦਸਿਆਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਾਲ 2018 ਤੋਂ 2021 ਤਕ ਦਾ ਅੰਕੜਾ ਇਸ ਤਰ੍ਹਾਂ ਹੈ:
ਸੜਕ ਹਾਦਸਿਆਂ ਕਾਰਨ ਹੋਈਆਂ ਮੌਤਾਂ ਦਾ ਅੰਕੜਾ
ਸਾਲ ਮੌਤਾਂ
2018 4,740
2019 4,525
2020 3,898
2021 4,589