ਬੇਅਦਬੀ ਘਟਨਾਵਾਂ ਸਬੰਧੀ ਰੀਪੋਰਟ ਵਿਧਾਨ ਸਭਾ ਚ ਪੇਸ਼ ਹੋਣ 'ਤੇ ਖੁਲ੍ਹੇਗੀ ਅਕਾਲੀਆਂ ਦੀ ਪੋਲ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੇ  ਸ਼ਹੀਦਾਂ ਦੇ ਖੂਨ ਨਾਲ ਪ੍ਰਾਪਤ ਕੀਤੀ ਆਜ਼ਾਦੀ ਨੂੰ ਕਾਂਗਰਸ ਪਾਰਟੀ ਅਤੇ ਦੇਸ਼ ਦੇ ਲੋਕ ਕਦੇ ਵੀ ਤੇ ਕਿਸੇ ਵੀ ਤਰ੍ਹਾਂ ਦੀ ਗੁਲਾਮੀ ਵਿਚ ਤਬਦੀਲ..............

Sadhu Singh Dharamsot Paying tribute to the statue of Master Karnail Singh

ਖੰਨਾ/ਈਸੜੂ : ਦੇਸ਼ ਦੇ  ਸ਼ਹੀਦਾਂ ਦੇ ਖੂਨ ਨਾਲ ਪ੍ਰਾਪਤ ਕੀਤੀ ਆਜ਼ਾਦੀ ਨੂੰ ਕਾਂਗਰਸ ਪਾਰਟੀ ਅਤੇ ਦੇਸ਼ ਦੇ ਲੋਕ ਕਦੇ ਵੀ ਤੇ ਕਿਸੇ ਵੀ ਤਰ੍ਹਾਂ ਦੀ ਗੁਲਾਮੀ ਵਿਚ ਤਬਦੀਲ ਨਹੀਂ ਹੋਣ ਦੇਣਗੇ। ਇਹ ਵਿਚਾਰ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਬੁੱਧਵਾਰ ਨੂੰ ਪਿੰਡ ਈਸੜੂ ਵਿਖੇ ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਕਰਵਾਏ ਰਾਜ ਪਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।

ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਪਿਛਲੇ 10 ਸਾਲਾਂ ਦੌਰਾਨ ਪੰਜਾਬ ਅਤੇ ਇਥੋਂ ਦੇ ਲੋਕਾਂ ਨੂੰ ਆਰਥਕ ਗੁਲਾਮੀ ਦਾ ਸ਼ਿਕਾਰ ਬਣਾ ਦਿਤਾ ਗਿਆ ਸੀ, ਇਸ ਸਥਿਤੀ ਨੂੰ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਰਤੋੜ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪੋਲ ਖੋਲ੍ਹਣ ਦੀਆਂ ਗੱਲਾਂ ਕਰਨ ਵਾਲੇ ਅਕਾਲੀਆਂ ਦੀ ਪੋਲ੍ਹ ਉਦੋਂ ਖੁਲ੍ਹੇਗੀ, ਜਦੋਂ ਬੇਅਦਬੀ ਘਟਨਾਵਾਂ ਸਬੰਧੀ ਜਸਟਿਸ ਰਣਜੀਤ ਸਿੰਘ ਗਿੱਲ ਕਮਿਸ਼ਨ ਦੀ ਰੀਪੋਰਟ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੀ ਜਾਵੇਗੀ।

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬੀਆਂ ਨੂੰ ਸੱਦਾ ਦਿਤਾ ਹੈ ਕਿ ਜਿਵੇਂ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਯਤਨ ਕੀਤੇ ਸਨ ਅਤੇ ਇਸ ਵਿਚ ਉਹ ਦ੍ਰਿੜਤਾ ਨਾਲ ਸਫ਼ਲ ਵੀ ਹੋਏ ਸਨ। ਹੁਣ ਵੀ ਲੋੜ ਹੈ ਕਿ ਪੰਜਾਬੀਆਂ ਨੂੰ ਨਸ਼ੇ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਸੂਬੇ ਦੇ ਲੋਕ ਪੰਜਾਬ ਸਰਕਾਰ ਦਾ ਸਹਿਯੋਗ ਕਰਨ। ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਲਦ ਹੀ ਪੰਚਾਇਤ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਨਾ ਵਿੱਚ ਔਰਤਾਂ ਨੂੰ 50 ਫ਼ੀ ਸਦੀ ਸੀਟਾਂ ਦਿਤੀਆਂ ਜਾਣਗੀਆਂ ਤਾਂ ਜੋ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਔਰਤਾਂ ਦੀ ਭਾਗੀਦਾਰੀ ਹੋਰ ਵਧਾਈ ਜਾ ਸਕੇ।  

ਲੋਕ ਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਪੰਜਾਬੀਆਂ ਨੂੰ ਸੱਦਾ ਦਿਤਾ ਕਿ ਉਹ ਕੁੱਝ ਦੇਸ਼ ਵਿਰੋਧੀ ਤਾਕਤਾਂ ਵਲੋਂ ਦਿਤੇ ਰੈਫ਼ਰੈਂਡਮ 2020 ਦੇ ਸੱਦੇ ਨੂੰ ਨਕਾਰ ਦੇਣ। ਉਨ੍ਹਾਂ 'ਆਪ' ਵਿਰੁਧ ਦੋਸ਼ ਲਗਾਇਆ ਕਿ ਕੁਰਸੀ ਦੇ ਲਾਲਚ ਵਿਚ 'ਆਪ' ਵਲੋਂ ਲੋਕਾਂ ਵਿਚ ਆਪਸੀ ਫੁੱਟ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਪਿੰਡ ਈਸੜੂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਦੀ ਗਰਾਂਟ ਜਾਰੀ ਕਰਾਉਣ ਦਾ ਭਰੋਸਾ ਵੀ ਦਿਤਾ।

ਇਸ ਦੇ ਨਾਲ ਹੀ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਇੱਕ ਪਰਵਾਰਕ ਮੈਂਬਰ ਨੂੰ ਅਗਲੇ ਕੁਝ ਦਿਨਾਂ ਵਿੱਚ ਸਰਕਾਰੀ ਨੌਕਰੀ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨ ਬਾਰੇ ਵੀ ਕਿਹਾ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਹਲਕਾ ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ ਨੇ ਪਿੰਡ ਈਸੜੂ ਅਤੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਜੇਕਰ ਪਿਛਲੀ ਸਰਕਾਰ ਨੇ ਇਸ ਇਲਾਕੇ ਦੇ ਵਿਕਾਸ ਦੀ ਸਾਰ ਲਈ ਹੁੰਦੀ ਤਾਂ ਅੱਜ ਉਨ੍ਹਾਂ ਨੂੰ ਅਪਣੇ ਇਲਾਕੇ ਦੀਆਂ ਮੰਗਾਂ ਸਬੰਧੀ ਵੇਰਵਾ ਨਾ ਪੇਸ਼ ਕਰਨਾ ਪੈਂਦਾ।

ਉਨ੍ਹਾਂ ਮੁੱਖ ਮਹਿਮਾਨ ਨੂੰ ਅਪੀਲ ਕੀਤੀ ਕਿ ਉਹ ਪਿੰਡ ਈਸੜੂ ਵਿੱਚ ਸ਼ਹੀਦ ਕਰਨੈਲ ਸਿੰਘ ਦੀ ਢੁੱਕਵੀਂ ਯਾਦਗਾਰ ਉਸਾਰਨ, ਖੇਡ ਸਟੇਡੀਅਮ ਦੀ ਜਲਦ ਉਸਾਰੀ, ਖੰਨਾ ਸ਼ਹਿਰ ਵਿੱਚ 100 ਫ਼ੀ ਸਦੀ ਸੀਵਰੇਜ਼ ਸਹੂਲਤ, ਫੋਕਲ ਪੁਆਇੰਟ ਦੀ ਕਾਇਆ ਕਲਪ ਅਤੇ ਹੋਰ ਮੰਗਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਨਾਲ ਵਿਸ਼ੇਸ਼ ਮੀਟਿੰਗ ਕਰਨ ਤਾਂ ਜੋ ਇਸ ਹਲਕੇ ਦੇ ਵਿਕਾਸ ਨੂੰ ਅੱਗੇ ਤੋਰਿਆ ਜਾ ਸਕੇ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਸਮੇਤ ਸਾਰੀਆਂ ਸ਼ਖ਼ਸੀਅਤਾਂ ਨੇ ਸ਼ਹੀਦ ਕਰਨੈਲ ਸਿੰਘ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਦੇ ਪਰਵਾਰਕ ਜੀਆਂ ਨੂੰ ਸਨਮਾਨਤ ਕੀਤਾ।