ਤੰਬਾਕੂ ਕੰਪਨੀ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀੜੀਆਂ ਦੇ ਬੰਡਲ 'ਤੇ ਛਾਪੀ ਖੰਡੇ ਦੀ ਤਸਵੀਰ

Sikhs

ਚੰਡੀਗੜ੍ਹ: ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਮਾਮਲੇ ਨਿੱਤ ਦਿਨ ਸਾਹਮਣੇ ਆ ਰਹੇ ਹਨ ਹੁਣ ਇਸੇ ਤਰ੍ਹਾਂ ਦਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਤੰਬਾਕੂ ਪੈਕੇਟ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਤੇ ਇਕ ਬੱਚੇ ਦੀ ਤਸਵੀਰ ਛਾਪੀ ਹੋਈ ਅਤੇ ਇਸ ਬੱਚੇ ਦੇ ਸਿਰ 'ਤੇ ਜੋ ਕੱਪੜਾ ਬੰਨ੍ਹਿਆ ਹੋਇਆ ਹੈ। ਉਸ 'ਤੇ ਖੰਡੇ ਦੀ ਤਸਵੀਰ ਛਪੀ ਹੋਈ ਨਜ਼ਰ ਆ ਰਹੀ ਹੈ।

ਤਸਵੀਰ ਵਿਚ ਨਜ਼ਰ ਆ ਰਹੇ ਬੀੜੀਆਂ ਦੇ ਇਸ ਬੰਡਲ 'ਤੇ 'ਜੈ ਨਮੋ ਬੀੜੀ' ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਨਾਲ ਹੀ ਖੰਡੇ ਵਾਲਾ ਪਟਕਾ ਬੰਨ੍ਹੀ ਬੈਠੇ ਬੱਚੇ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਤਸਵੀਰ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਕੁਮੈਂਟਾਂ ਜ਼ਰੀਏ ਸਬੰਧਤ ਤੰਬਾਕੂ ਕੰਪਨੀ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਕੰਪਨੀ ਕਿੱਥੋਂ ਦੀ ਐ, ਇਸ ਬਾਰੇ ਫਿਲਹਾਲ ਕੁੱਝ ਪਤਾ ਨਹੀਂ ਲੱਗ ਸਕਿਆ।

ਦੱਸ ਦਈਏ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਟਾਇਲਟ ਸੀਟ ਅਤੇ ਡੋਰ ਮੈਟਾਂ 'ਤੇ ਲਗਾ ਦਿੱਤੀ ਸੀ। ਕੁੱਝ ਦਿਨ ਪਹਿਲਾਂ ਮਲੇਸ਼ੀਆ ਦੇ ਇਕ ਹੋਟਲ ਦੇ ਮੇਜ਼ਾਂ 'ਤੇ ਵੀ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।

ਸਿੱਖਾਂ ਦਾ ਕਹਿਣਾ ਹੈ ਕਿ ਜਦੋਂ ਤਕ ਸ਼੍ਰੋਮਣੀ ਕਮੇਟੀ ਸਮੇਤ ਮੋਹਰੀ ਸਿੱਖ ਜਥੇਬੰਦੀਆਂ ਇਨ੍ਹਾਂ ਮਾਮਲਿਆਂ 'ਤੇ ਸਖ਼ਤ ਕਾਰਵਾਈ ਕਰਨ ਵਿਚ ਅੱਗੇ ਨਹੀਂ ਆਉਂਦੀਆਂ, ਉਦੋਂ ਤਕ ਇਹ ਮੰਦਭਾਗੇ ਰੁਝਾਨ ਇੰਝ ਹੀ ਚਲਦੇ ਰਹਿਣਗੇ। ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਇਸ ਮਾਮਲੇ ਦੀ ਅਸਲੀਅਤ ਜਾਣਨ ਲਈ ਸ਼੍ਰੋਮਣੀ ਕਮੇਟੀ ਜਾਂ ਹੋਰ ਸਿੱਖ ਜਥੇਬੰਦੀਆਂ ਦੀ ਕਦਮ ਉਠਾਉਂਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।