ਕੈਪਟਨ ਦੀ ਪੁਲਿਸ ਕਰੇ ਗ੍ਰਿਫ਼ਤਾਰ, ਮੈਂ ਤਿਆਰ ਬਰ ਤਿਆਰ : ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਟਾਲਾ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਡੀ.ਸੀ. ਦਫ਼ਤਰ ਦੇ ਬਾਹਰ ਦਿਤਾ ਜਾਵੇਗਾ ਧਰਨਾ

I am ready for arrested : Simarjit Singh Bains

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਾਰ ਫਿਰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਹਰ ਵੇਲੇ ਤਿਆਰ ਬਰ ਤਿਆਰ ਹਨ, ਕੈਪਟਨ ਅਮਰਿੰਦਰ ਸਿੰਘ ਜਦੋਂ ਮਰਜ਼ੀ ਅਪਣੀ ਪੁਲਿਸ ਭੇਜ ਦੇਣ, ਉਹ ਗ੍ਰਿਫ਼ਤਾਰੀ ਦੇ ਦੇਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਬਟਾਲਾ ਵਿਖੇ ਹੋਏ ਹਾਦਸੇ ਦੇ ਪੀੜਤਾਂ ਦੇ ਨਾਲ ਉਹ ਅੱਜ ਵੀ ਖੜੇ ਹਨ ਅਤੇ ਜਲਦੀ ਹੀ ਪੀੜਤਾਂ ਨੂੰ ਲੈ ਕੇ ਬਟਾਲਾ ਦੇ ਡੀਸੀ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। ਵਿਧਾਇਕ ਬੈਂਸ ਅਤੇ ਲੋਕ ਇਨਸਾਫ਼ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਵਿਧਾਇਕ ਬੈਂਸ ਨੇ ਕਿਹਾ ਕਿ ਉਹ ਅੱਜ ਵੀ ਅਪਣੇ ਸਾਰੇ ਰੁਝੇਵੇਂ ਉਸੇ ਤਰ੍ਹਾਂ ਕਰ ਰਹੇ ਹਨ, ਜਿਸ ਤਰ੍ਹਾਂ ਪਹਿਲਾਂ ਕਰਦੇ ਸਨ ਅਤੇ ਗ੍ਰਿਫ਼ਤਾਰੀ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਟਾਲਾ ਪੀੜਤਾਂ ਦੇ ਹਰ ਪਰਵਾਰ ਲਈ ਸਰਕਾਰੀ ਨੌਕਰੀ ਦਾ ਪ੍ਰਬੰਧ ਕਰੇ ਅਤੇ ਘੱਟੋ-ਘੱਟ 10 ਲੱਖ ਰੁਪਏ ਹਰ ਪਰਵਾਰ ਨੂੰ ਫ਼ੌਰਨ ਮਾਲੀ ਮਦਦ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਤੁਰਤ ਬਟਾਲਾ ਹਾਦਸੇ ਲਈ ਜ਼ਿੰਮੇਵਾਰ ਅਧਿਕਾਰੀਆਂ 'ਤੇ ਪਰਚਾ ਦਰਜ ਕਰੇ ਅਤੇ ਉਨ੍ਹਾਂ ਸਰਕਾਰੀ ਪ੍ਰਸ਼ਾਸਨਕ ਅਤੇ ਪੁਲਿਸ ਅਧਿਕਾਰੀਆਂ 'ਤੇ ਵੀ ਕਾਰਵਾਈ ਕਰੇ, ਜੋ ਇਸ ਹਾਦਸੇ ਲਈ ਦੋਸ਼ੀ ਪਾਏ ਗਏ ਹਨ। ਇਸ ਮੌਕੇ ਜੱਥੇਦਾਰ ਬਲਵਿੰਦਰ ਸਿੰਘ ਬੈਂਸ, ਰਣਧੀਰ ਸਿੰਘ ਸਿਵਿਆ, ਜਤਿੰਦਰ ਸਿੰਘ ਭੱਲਾ, ਜਗਜੋਤ ਸਿੰਘ, ਜਸਵੰਤ ਸਿੰਘ ਗੱਜਣਮਾਜਰਾ, ਸੁਖਦੰਵ ਸਿੰਘ ਚੱਕ, ਜਰਨੈਲ ਨੰਗਲ, ਅਮਰੀਕ ਸਿੰਘ ਵਰਪਾਲ ਅਤੇ ਪ੍ਰਧਾਨ ਬਲਦੇਵ ਸਿੰਘ ਹਾਜ਼ਰ ਸਨ।

ਜ਼ਿਮਨੀ ਚੋਣਾਂ ਲਈ ਪਾਰਟੀ ਤਿਆਰ : 
ਮੀਟਿੰਗ ਦੌਰਾਨ ਪੰਜਾਬ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਕੋਰ ਕਮੇਟੀ ਅਤੇ ਪਾਰਟੀ ਵਲੋਂ ਨਿਰਧਾਰਿਤ ਕੀਤੀਆਂ ਗਈਆਂ ਹੋਰਨਾਂ ਕਮੇਟੀਆਂ ਦੀ ਇਕ ਸਾਂਝੀ ਮੀਟਿੰਗ ਸੱਦ ਕੇ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਸਬੰਧੀ ਵਿਸਤਾਰ ਸਹਿਤ ਚਰਚਾ ਕੀਤੀ ਜਾਵੇਗੀ ਅਤੇ ਪਾਰਟੀ ਜ਼ਿਮਨੀ ਚੋਣਾਂ ਪੂਰੇ ਜੋਸ਼ੋ ਖਰੋਸ਼ ਨਾਲ ਲੜੇਗੀ, ਜਿਸ ਲਈ ਸਾਰਾ ਹੋਮ ਵਰਕ ਕਰ ਲਿਆ ਗਿਆ।