ਹਿੰਦੀ ਪੰਜਾਬੀ ਲੇਖਕਾਂ ਵਿਚਕਾਰ ਗਹਿਮਾ-ਗਹਿਮੀ ਦਾ ਮਾਮਲਾ

ਏਜੰਸੀ

ਖ਼ਬਰਾਂ, ਪੰਜਾਬ

ਲੇਖਕ ਸਭਾ ਨੇ ਕੀਤੀ ਘਟਨਾ ਦੀ ਨਿਖੇਧੀ, ਮੰਗੀ ਮੁਆਫ਼ੀ

Row over criticism of Punjabi language on 'Hindi Divas'

ਪਟਿਆਲਾ : ਭਾਸ਼ਾ ਵਿਭਾਗ 'ਚ ਹੋਏ ਸਮਾਗਮ 'ਚ ਹਿੰਦੀ ਅਤੇ ਪੰਜਾਬੀ ਲੇਖਕਾਂ 'ਚ ਆਪਸੀ ਵਿਵਾਦ ਹੋ ਗਿਆ ਸੀ। ਵਿਭਾਗ ਨਿਰਦੇਸ਼ਕ ਦੀ ਹਾਜ਼ਰੀ ਵਿੱਚ ਹੋਏ ਹੰਗਾਮੇ ਦੇ ਦੌਰਾਨ ਭੜਕੇ ਲੇਖਕਾਂ ਨੂੰ ਚੁਪ ਕਰਵਾਉਣ ਲਈ ਮਾਈਕ੍ਰੋਫੋਨਵੀ ਬੰਦ ਕਰਵਾਉਣੇ ਪਏ ਸਨ। ਮੌਕੇ 'ਤੇ ਮੌਜੂਦ ਵਿਦਵਾਨਾਂ ਨੇ ਦੋਵੇਂ ਗੁੱਟਾਂ ਨੂੰ ਸ਼ਾਂਤ ਕਰਵਾ ਕੇ ਸਮਾਗਮ ਨੂੰ ਅੱਗੇ ਵਧਾਇਆ। ਅੱਜ ਪੰਜਾਬੀ ਕੇਂਦਰੀ ਲੇਖਕ ਸਭਾ ਦੇ ਮੈਂਬਰਾਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਲਾ ਤੇ ਸਾਹਿਤ ਪ੍ਰੇਮੀਆਂ ਤੋਂ ਮਾਫੀ ਮੰਗੀ ਹੈ।ਜ਼ਿਕਰਯੋਗ ਹੈ ਕਿ ਭਾਸ਼ਾ ਵਿਭਾਗ ਵਲੋਂ ਬੀਤੀ 13 ਸਤੰਬਰ ਨੂੰ ਮਨਾਏ ਗਏ ਰਾਜ ਪੱਧਰੀ ਹਿੰਦੀ ਸਮਾਰੋਹ ਦੌਰਾਨ ਮੰਚ 'ਤੇ ਬੈਠੇ ਸਾਹਿਤਕਾਰਾਂ ਦਰਮਿਆਨ ਭਾਸ਼ਾਈ ਵਖਰੇਵੇਂ ਨੂੰ ਲੈ ਕੇ ਤਲਖੀ ਪੈਦਾ ਹੋ ਗਈ ਸੀ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਜਦੋਂ ਮਾਂ-ਬੋਲੀ ਪੰਜਾਬੀ ਦੀ ਪੈਰਵੀ ਕੀਤੀ ਤਾਂ ਉਸ ਮੌਕੇ ਮਾਈਕ ਬੰਦ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਮੰਚ ਤੋਂ ਹਟਣ ਲਈ ਮਜਬੂਰ ਕਰ ਦਿੱਤਾ ਗਿਆ।

ਇਸ ਸਬੰਧੀ ਵਾਇਰਲ ਹੋਈ ਵੀਡੀਓ 'ਚ ਡਾ. ਮਾਨ ਪੰਜਾਬੀ ਕੁਝ ਹਿੰਦੀ ਲੇਖਕਾਂ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਹ ਹਿੰਦੀ ਸਾਹਿਤਕਾਰਾਂ ਨੂੰ ਸਪੱਸ਼ਟ ਕਰ ਰਹੇ ਹਨ ਕਿ ਪੰਜਾਬ 'ਚ ਜਿਹੜਾ ਵੀ ਹਿੰਦੀ ਸਾਹਿਤ ਲਿਖਿਆ ਜਾਵੇ, ਉਸ 'ਤੇ ਪੰਜਾਬੀ ਦੀ ਪੁੱਠ ਚੜ੍ਹਨੀ ਚਾਹੀਦੀ ਹੈ। ਡਾ. ਮਾਨ ਦੇ ਪੰਜਾਬੀ ਪ੍ਰਤੀ ਵਿਖਾਏ ਹੌਸਲੇ ਦੀ ਪੰਜਾਬ ਖਾਸ ਕਰ ਕੇ ਪੰਜਾਬੀ ਲੇਖਕ ਸੱਥਾਂ 'ਚ ਵੱਡੀ ਚਰਚਾ ਛਿੜੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬੀ ਲੇਖਕ ਤੇ ਆਮ ਲੋਕ ਇਕਜੁੱਟ ਹੁੰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਚ ਆਰ.ਐੱਸ.ਐੱਸ ਦੇ ਏਜੰਡੇ ਤੋਂ ਪੰਜਾਬੀ ਨੂੰ ਬਚਾਉਣ ਦਾ ਹੋਕਾ ਵੀ ਗੂੰਜਣ ਲੱਗਿਆ ਹੈ। 'ਰਾਜ ਭਾਸ਼ਾ ਸੋਧ ਐਕਟ 2008' ਰਾਜ ਭਾਸ਼ਾ ਪੰਜਾਬੀ ਦੀ ਸ਼ਾਨ ਬਹਾਲੀ ਪ੍ਰਤੀ ਪੰਜਾਬ ਸਰਕਾਰ ਨੂੰ ਪਾਬੰਦ ਕਰਦਾ ਹੈ। ਸੂਤਰ ਦੱਸਦੇ ਹਨ ਕਿ ਹਿੰਦੀ ਦਿਵਸ ਦੌਰਾਨ ਭਾਸ਼ਾ ਵਿਭਾਗ ਦੇ ਰੱਖੇ ਪ੍ਰੋਗਰਾਮ ਤੋਂ ਹੀ ਪੰਜਾਬੀ ਪ੍ਰਤੀ ਕਈ ਤਿਰਸਕਾਰ ਭਰੇ ਸ਼ਬਦ ਉਪਜਦੇ ਰਹੇ ਹਨ।

ਭਾਸ਼ਾ ਵਿਭਾਗ ਪੰਜਾਬ ਦੀ ਸਮੁੱਚੀ ਅਫ਼ਸਰਸ਼ਾਹੀ ਹੁਣ ਤੱਕ ਵੀ ਮਾਮਲੇ ਨੂੰ ਆਮ ਵਰਤਾਰਾ ਹੀ ਦੱਸ ਰਹੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਬੁਲਾਰੇ ਤੇ ਭਾਸ਼ਾ ਵਿਭਾਗ ਦੇ ਸਾਬਕਾ ਖੋਜ ਅਫਸਰ ਡਾ. ਭਗਵੰਤ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਦਾ ਸਮੁੱਚੇ ਮਾਮਲੇ ਉੱਤੇ ਮੂਕ ਦਰਸ਼ਕ ਬਣੇ ਰਹਿਣਾ, ਰਾਜ ਭਾਸ਼ਾ ਐਕਟ ਦੀ ਜ਼ਿੰਮੇਵਾਰੀ ਤੋਂ ਸਿੱਧੇ ਤੌਰ 'ਤੇ ਮੂੰਹ ਫੇਰਨ ਦੇ ਤੁੱਲ ਹੈ। ਉਨ੍ਹਾਂ ਕਿਹਾ ਕਿ ਸਮਾਗਮ 'ਚ ਆਰਐੱਸਐੱਸ ਪੱਖੀ ਸ਼ਖ਼ਸੀਅਤਾਂ ਨੂੰ ਸੱਦਣ ਸਮੇਤ ਭਾਸ਼ਾ ਵਿਭਾਗ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉੱਘੇ ਸਾਹਿਤਕਾਰ ਬਲਬੀਰ ਜਲਾਲਾਬਾਦੀ ਨੇ ਵੀ ਭਾਸ਼ਾ ਵਿਭਾਗ ਵੱਲੋਂ ਧਾਰੀ ਚੁੱਪੀ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਫ਼ਿਕਰਮੰਦੀ ਜ਼ਾਹਿਰ ਕੀਤੀ ਕਿ ਸੂਬੇ ਦੀ ਰਾਜ ਭਾਸ਼ਾ 'ਭਾਸ਼ਾ ਵਿਭਾਗ' ਦੇ ਵਿਹੜੇ 'ਚ ਹੀ ਸੁਰੱਖਿਅਤ ਨਹੀਂ ਹੈ।

'ਅਜਿਹਾ ਕੁਝ ਨਹੀਂ ਵਾਪਰਿਆ ਜਿਸ ਦੀ ਜਾਂਚ ਹੋਵੇ'
ਭਾਸ਼ਾ ਵਿਭਾਗ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਕਿਹਾ ਕਿ ਹਿੰਦੀ ਸਮਾਰੋਹ ਦੌਰਾਨ ਅਜਿਹਾ ਕੁਝ ਨਹੀਂ ਵਾਪਰਿਆ ਜਿਸ ਦੀ ਕੋਈ ਜਾਂਚ ਹੋਵੇ। ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਸਕੱਤਰ ਦਫ਼ਤਰ ਨੇ ਸਬੰਧਤ ਮਾਮਲੇ ਦੀ ਭਾਸ਼ਾ ਵਿਭਾਗ ਪਾਸੋਂ ਅਜੇ ਤਕ ਕੋਈ ਜਾਣਕਾਰੀ ਨਹੀਂ ਮੰਗੀ। ਇਹੀ ਨਹੀਂ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਨੇ ਪਿਛਲੇ ਚਾਰ ਪੰਜ ਸਾਲਾਂ ਤੋਂ ਉਚੇਰੀ ਸਿੱਖਿਆ ਦਫ਼ਤਰ ਨੂੰ ਅਖ਼ਬਾਰੀ ਕਤਰਾਂ ਵੀ ਨਹੀਂ ਭੇਜੀਆਂ। ਭਾਸ਼ਾ ਵਿਭਾਗ ਦਾ ਆਪਣੇ ਉੱਚ ਦਫ਼ਤਰ ਪ੍ਰਸ਼ਾਸਨ ਨਾਲ ਸੰਪਰਕ ਸਾਲਾਂਬੱਧੀ ਤੋਂ ਟੁੱਟਿਆ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।