ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਤੇ ਸਰਕਾਰ ਵਲੋਂ ਵੱਖੋ-ਵੱਖ ਤਿਆਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਿਲ ਕੇ ਇਕੋ ਸਟੇਜ 'ਤੇ ਮਨਾਉਣ ਦੀਆਂ ਸੰਭਾਵਨਾਵਾਂ ਘਟ ਹੀ ਲਗਦੀਆਂ ਹਨ।

preparations by Shiromani Committee to celebrate Prakash Purb

ਚੰਡੀਗੜ੍ਹ (ਐਸ.ਐਸ. ਬਰਾੜ): ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਿਲ ਕੇ ਇਕੋ ਸਟੇਜ 'ਤੇ ਮਨਾਉਣ ਦੀਆਂ ਸੰਭਾਵਨਾਵਾਂ ਘਟ ਹੀ ਲਗਦੀਆਂ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਆਪੋਂ-ਅਪਣੀ ਪੱਧਰ 'ਤੇ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੋਵਾਂ ਧਿਰਾਂ ਵਿਚ ਅਜੇ ਤਕ ਕੋਈ ਤਾਲਮੇਲ ਨਹੀਂ ਹੋ ਰਿਹਾ।

17 ਸਤੰਬਰ ਦੀ ਮੀਟਿੰਗ ਵਿਚ ਜੇਕਰ ਸਰਕਾਰ ਦੇ ਨੁਮਾਇੰਦੇ ਹਿੱਸਾ ਨਾ ਲੈ ਸਕੇ ਤਾਂ ਤਹਿ ਹੈ ਕਿ ਸਟੇਜਾਂ ਦੋ ਲੱਗਣਗੀਆਂ। ਸ਼੍ਰੋਮਣੀ ਕਮੇਟੀ ਦੇ ਇਕ ਸੀਨੀਅਰ ਮੈਂਬਰ ਨਲ ਅੱਜ ਗੱਲ ਹੋਈ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਕਮੇਟੀ ਵਲੋਂ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਮੁੱਖ ਸਮਾਗਮ ਕਰਨ ਲਈ ਤਿਆਰੀਆਂ ਹੋ ਰਹੀਆਂ ਹਨ। ਇਸ ਸਬੰਧੀ ਟੈਂਡਰ ਜਾਂ ਕੁਟੇਸ਼ਨਾਂ ਮੰਗੀਆਂ ਗਈਆਂ ਹਨ ਅਤੇ 23 ਸਤੰਬਰ ਨੂੰ ਇਹ ਟੈਂਡਰ ਖੁਲ੍ਹ ਜਾਣਗੇ।

ਉਨ੍ਹਾਂ ਸਪਸ਼ਟ ਕੀਤਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਿਰੋਲ ਧਾਰਮਕ ਸਮਾਗਮ ਹੋਵੇਗਾ ਅਤੇ ਇਸ ਸਟੇਜ ਤੋਂ ਕੋਈ ਰਾਜਨੀਤੀ ਕਰਨ ਦੀ ਕਿਸੀ ਨੂੰ ਵੀ ਆਗਿਆ ਨਹੀਂ ਹੋਵੇਗੀ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਦੇ ਨੂਮਾਇੰਦੇ 17 ਸਤੰਬਰ ਯਾਨੀ ਕਿ ਅੱਜ ਸੱਦੀ ਗਈ ਮੀਟਿੰਗ ਵਿਚ ਨਹੀਂ ਆਉਂਦੇ ਤਾਂ ਕਮੇਟੀ ਦਾ ਅਗਲਾ ਕਦਮ ਕੀ ਹੋਵੇਗਾ। ਉਨ੍ਹਾਂ ਇਸ ਬਾਰੇ ਕਿਹਾ ਕਿ ਇਹ ਮੰਦਭਾਗੀ ਗਲ ਹੋਵੇਗੀ।

ਇਕੋ ਸਾਂਝਾ ਸਮਾਗਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦ ਤਾਲਮੇਲ ਕਮੇਟੀ ਦੀਆਂ ਜੋ ਮੀਟਿੰਗਾਂ ਵਿਚ ਸਰਕਾਰ ਦਾ ਕੋਈ ਨੂਮਾਇੰਦਾ ਨਾ ਆਇਆ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਮੇਟੀ ਪ੍ਰਧਾਨ ਨੇ ਪੱਤਰ ਲਿਖ ਕੇ ਸਥਿਤੀ ਤੋਂ ਜਾਣੂੰ ਕਰਾਇਆ ਸੀ। ਉਨ੍ਹਾਂ ਹਦਾਇਤ ਕੀਤੀ ਸੀ ਕਿ ਇਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਜਾਵੇ। ਇਸ ਲਈ ਹੁਣ 17 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਤਾਲਮੇਲ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ।

ਉਧਰ ਕਾਂਗਰਸ ਵਲੋਂ ਸਮਾਗਮ ਲਈ ਕੰਮ ਜ਼ੋਰ-ਸ਼ੋਰ ਨਾਲ ਹੋ ਰਿਹਾ ਹੈ। ਪਿਛਲੇ ਦਿਨੀ ਸੁਲਤਾਨਪੁਰ ਲੋਧੀ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਪੁਛੇ ਜਾਣ 'ਤੇ ਕਿਹਾ ਸੀ ਕਿ ਗੁਰਦਵਾਰੇ ਦੀ ਹਦੂਦ ਅੰਦਰ ਸ਼੍ਰੋਮਣੀ ਕਮੇਟੀ ਪ੍ਰਬੰਧ ਕਰੇਗੀ ਅਤੇ ਬਾਹਰ ਦੇ ਸਮਾਗਮ ਸਰਕਾਰ ਕਰਵਾਏਗੀ। ਇਸ ਸਬੰਧੀ ਜਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਕ ਸੀਨੀਅਰ ਨੇਤਾ ਨਾਲ ਗਲ ਹੋਈ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਰਕਾਰ ਦੀ ਸਟੇਜ ਉਪਰ ਜਾਣਾ ਠੀਕ ਨਹੀਂ।

ਕਾਂਗਰਸ ਸਰਕਾਰ ਨੇ ਸਹਿਯੋਗ ਨਾ ਦੇ ਕੇ ਤੌਹੀਨ ਕੀਤੀ : ਮਜੀਠੀਆ
ਚੰਡੀਗੜ੍ਹ, 16 ਸਤੰਬਰ (ਜੀ.ਸੀ. ਭਾਰਦਵਾਜ): ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਦੀਆਂ ਤਿਆਰੀਆਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਬੇਨਤੀ ਦੇ ਬਾਵਜੂਦ ਪੰਜਾਬ ਸਰਕਾਰ ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਅਤੇ ਉਸ ਦੇ ਸਾਥੀ ਮੰਤਰੀਆਂ ਵਲੋਂ ਆਪਾ ਵਿਰੋਧੀ ਬਿਆਨਬਾਜ਼ੀ ਤੋਂ ਦੁਖੀ ਹੋਈ ਅਕਾਲੀ ਲੀਡਰਸ਼ਿਪ ਨੇ ਦੁੱਖ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਧਰਮ ਨਾਲ ਜੁੜੇ ਸਾਰੇ ਉਤਸਵ ਹਮੇਸ਼ਾ ਸ਼੍ਰੋਮਣੀ ਕਮੇਟੀ ਹੀ ਕਰਦੀ ਆਈ ਹੈ ਅਤੇ ਇਸ ਮੌਕੇ ਸੂਬਾ ਤੇ ਕੇਂਦਰ ਸਰਕਾਰ ਇਸ ਵਿਚ ਕੇਵਲ ਸਹਿਯੋਗ ਹੀ ਕਰਦੀਆਂ ਰਹੀਆਂ ਹਨ।

ਅੱਜ ਇਥੇ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫ਼ਰੰਸ ਮੌਕੇ ਮੀਡੀਆ ਵਲੋਂ ਪੁੱਛੇ ਅਨੇਕਾਂ ਸੁਆਲਾਂ ਦਾ ਜਵਾਬ ਦਿੰਦੇ ਹੋਏ ਸੀਨੀਅਰ ਅਕਾਲੀ ਨੇਤਾਵਾਂ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਸਪਸ਼ਟ ਕੀਤਾ ਕਿ 1999 ਵਿਚ ਖ਼ਾਲਸਾ ਪੰਥ ਦੀ ਤ੍ਰੈ ਸਤਾਬਦੀ ਮੌਕੇ, 2004 ਵਿਚ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਸਤਾਬਦੀ ਦੇ ਧਾਰਮਕ ਸਮਾਗਮਾਂ ਮੌਕੇ ਕੇਂਦਰ ਤੋਂ ਪ੍ਰਧਾਨ ਮੰਤਰੀ, ਸੂਬੇ ਤੋਂ ਮੁੱਖ ਮੰਤਰੀ ਹਮੇਸ਼ਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੀ ਸਰਪਰਸਤੀ ਹੇਠ ਸ਼ਿਰਕਤ ਕਰਦੇ ਰਹੇ ਹਨ। ਪਰ ਚਿੰਤਾ ਤੇ ਦੁੱਖ ਦੀ ਗਲ ਇਹ ਹੈ ਕਿ ਗੁਰੂ ਨਾਨਕ ਦੇ 550ਵੇਂ ਅੰਤਰ ਰਾਸ਼ਟਰੀ ਤੇ ਧਾਰਮਕ ਮਹਾਨ ਉਤਸਵ ਦੇ ਸਬੰਧ ਵਿਚ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਸਹਿਯੋਗ ਦੀ ਕੀਤੀ ਅਪੀਲ ਨੂੰ ਠੁਕਰਾ ਕੇ ਕਾਂਗਰਸ ਦੇ ਕਈ ਨੇਤਾ ਵੱਖਰੇ ਗੁਰਪੁਰਬ ਮਨਾਉਣ ਦੀਆਂ ਗਲਾਂ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।