ਹਿੰਦੂ ਜਥੇਬੰਦੀ ਨੇ ਰਾਜੋਆਣਾ ਦੀ ਸਜ਼ਾ ਮੁਆਫ਼ੀ ਦਾ ਕੀਤਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੇ ਵੋਟਾਂ ਖਾਤਰ ਉਲਟੇ ਫ਼ੈਸਲੇ ਲੈ ਰਹੇ ਹਨ।

Hindu organizations protest Rajoyana's pardon

ਚੰਡੀਗੜ੍ਹ  (ਜੀ.ਸੀ.ਭਾਰਦਵਾਜ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ, 300 ਤੋਂ ਵੱਧ ਪਾਬੰਦੀਸ਼ੁਦਾ ਸਿੱਖਾਂ ਨੂੰ ਅਪਣੇ ਮੁਲਕ ਵਿਚ ਆਉਣ ਦੀ ਆਗਿਆ ਦੇਣ ਅਤੇ ਬਲਵੰਤ ਸਿੰਘ ਰਾਜੋਆਣਾ ਸਮੇਤ ਹੋਰ ਸਿੱਖ ਕਾਤਲਾਂ ਦੀ ਸਜ਼ਾ ਮੁਆਫ਼ੀ ਕਰਨ ਦਾ ਡੱਟ ਕੇ ਵਿਰੋਧ ਕਰਦਿਆਂ ਹਿੰਦੂ ਜਥੇਬੰਦੀ ਦੇ ਪ੍ਰਧਾਨ ਪੰਚਾਨਦ ਗਿਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ, ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੇ ਵੋਟਾਂ ਖਾਤਰ ਉਲਟੇ ਫ਼ੈਸਲੇ ਲੈ ਰਹੇ ਹਨ।

ਅੱਜ ਇਥੇ ਪ੍ਰੈਸ ਕਲੱਬ ਵਿਚ ਮੀਡੀਆ ਕਾਨਫ਼ਰੰਸ ਵਿਚ ਪੰਚਾਨਦ ਗਿਰੀ ਤੇ ਉਸ ਦੇ ਸਾਥੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਕਰਤਾਰਪੁਰ ਗੁਰਦੁਆਰੇ ਲਈ ਲਾਂਘਾ ਖੁਲ੍ਹਣ ਨਾਲ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਕੇ ਆਉਣ ਵਾਲੇ ਦਹਿਸ਼ਤਗਰਦ ਇਧਰ ਪੰਜਾਬ ਵਿਚ ਅਤੇ ਹੋਰ ਥਾਵਾਂ 'ਤੇ ਜਾ ਕੇ ਗੜਬੜੀ ਕਰਨਗੇ ਤੇ ਮੁੜ ਕੇ ਪੰਜਾਬ ਵਿਚ ਕਾਲਾ ਦੌਰ ਸ਼ੁਰੂ ਹੋ ਜਾਵੇਗਾ।

ਪੰਚਾਨਦ ਗਿਰੀ ਨੇ ਸਪੱਸ਼ਟ ਤੌਰ 'ਤੇ ਜ਼ੋਰਦਾਰ ਸ਼ਬਦਾਂ ਵਿਚ ਇਨ੍ਹਾਂ ਫ਼ੈਸਲਿਆਂ ਦੀ ਸਖ਼ਤੀ ਨਾਲ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕਾਨੂੰਨੀ ਮਾਹਰਾਂ ਦੀ ਰਾਇ ਤੇ ਮਦਦ ਲੈ ਕੇ ਸੁਪਰੀਮ ਕੋਰਟ ਵਿਚ ਜਾਵੇਗੀ। ਜ਼ਿਕਰਯੋਗ ਹੈ ਕਿ ਪੰਚਾਨਦ ਗਿਰੀ ਯਾਨੀ ਅਪਣੇ ਆਪ ਨੂੰ ਹਿੰਦੂ ਤਖ਼ਤ ਦਾ ਮੁੱਖ ਆਗੂ ਅਖਵਾਉਣ ਵਾਲੇ ਇਸ ਪਟਿਆਲਾ ਸਥਿਤ ਜਗਮਗੁਰੂ ਨੇ ਅਪਣੀ ਸੁਰੱਖਿਆ ਲਈ ਕਮਾਂਡੋ ਪੁਲਿਸ ਗਾਰਡ ਤੇ ਪੰਜਾਬ ਪੁਲਿਸ ਦੇ ਸਿਪਾਹੀ ਲਏ ਹੋਏ ਹਨ।

ਇਸ ਆਪੂੰ ਬਣੇ ਹੋਏ ਹਿੰਦੂ ਨੇਤਾ ਜੋ ਮਹਾਰਾਜ ਅਖਵਾਉਂਦੇ ਹਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦਹਿਸ਼ਤੀ ਸਮੇਂ ਵੇਲੇ ਡਿਊਟੀ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਵਿਰੁਧ ਜੋ ਕੇਸ ਪਏ ਹੋਏ ਹਨ, ਸੀ.ਬੀ.ਆਈ ਤੇ ਅਦਾਲਤੀ ਮਾਮਲੇ ਚੱਲ ਰਹੇ ਹਨ ਉਹ ਸਾਰੇ ਵਾਪਸ ਹੋਣੇ ਚਾਹੀਦੇ ਹਨ। ਪੰਚਾਨਦ ਗਿਰੀ ਨੇ ਦਸਿਆ ਕਿ ਖ਼ੁਫ਼ੀਆ ਵਿਭਾਗ ਨੇ ਪੰਜਾਬ ਦੇ 250 ਧਾਰਮਕ ਡੇਰਿਆਂ 'ਚੋਂ 87 ਡੇਰਿਆਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਵਿਚ ਅਤੰਕੀ ਗਤੀਵਿਧੀਆਂ ਚੱਲਣ ਦਾ ਖਦਸ਼ਾ ਹੈ ਅਤੇ ਸੁਰੱਖਿਆ ਕਰਮਚਾਰੀ ਇਨ੍ਹਾਂ ਦੀ ਖੋਜ ਪੜਤਾਲ ਕਰ ਰਹੇ ਹਨ।