ਫਤਿਹਗੜ੍ਹ ਸਾਹਿਬ ਤੋਂ BSF ਦੇ ਹੈੱਡ ਕਾਂਸਟੇਬਲ ਦੀ ਮੌਤ; ਬੀਮਾਰੀ ਦੇ ਚਲਦਿਆਂ ਡਿਊਟੀ ਦੌਰਾਨ ਤੋੜਿਆ ਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

BSF head constable died due to illness

 

ਫਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਸੁਹਾਗਹੇੜੀ ਦੇ ਰਹਿਣ ਵਾਲੇ ਬੀ.ਐਸ.ਐਫ. ਦੇ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਦੀ ਡਿਊਟੀ ਦੌਰਾਨ ਮੌਤ ਹੋ ਗਈ। ਕੁਲਵਿੰਦਰ ਸਿੰਘ ਕਾਫੀ ਸਮੇਂ ਤੋਂ ਬੀਮਾਰ ਸੀ। ਉਸ ਦਾ ਇਲਾਜ ਆਰਮੀ ਹਸਪਤਾਲ ਵਿਚ ਚੱਲ ਰਿਹਾ ਸੀ ਪਰ ਸਿਹਤ ਵਿਚ ਸੁਧਾਰ ਨਾ ਹੋਣ ਕਾਰਨ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ।

ਮੰਗਲਵਾਰ ਸ਼ਾਮ ਨੂੰ ਕੁਲਵਿੰਦਰ ਸਿੰਘ ਦਾ ਅੰਤਿਮ ਸਸਕਾਰ ਪਿੰਡ ਸੁਹਾਗਹੇੜੀ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਅੰਤਿਮ ਸਸਕਾਰ ਮੌਕੇ ਬੀ.ਐਸ.ਐਫ. ਦੇ ਅਧਿਕਾਰੀ, ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੀ। ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।

ਬੀ.ਐਸ.ਐਫ. ਦੇ ਇੰਸਪੈਕਟਰ ਮਹੇਸ਼ ਕੁਮਾਰ ਨੇ ਦਸਿਆ ਕਿ ਬੀ.ਐਸ.ਐਫ. ਦੀ 200 ਬਟਾਲੀਅਨ ਵਿਚ ਤਾਇਨਾਤ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਮੇਘਾਲਿਆ ਦੇ ਤੂਰਾ ਵਿਚ ਤਾਇਨਾਤ ਸੀ। ਕੁਲਵਿੰਦਰ ਕਾਫੀ ਸਮੇਂ ਤੋਂ ਬਿਮਾਰ ਸੀ। ਛਾਤੀ 'ਚ ਇਨਫੈਕਸ਼ਨ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਫ਼ੌਜ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਬੀ.ਐਸ.ਐਫ. ਅਧਿਕਾਰੀ ਨੇ ਦਸਿਆ ਕਿ ਕੁਲਵਿੰਦਰ ਸਿੰਘ ਅਪਣੇ ਪਿੱਛੇ ਪਤਨੀ, ਦੋ ਧੀਆਂ, ਇਕ ਪੁੱਤਰ ਅਤੇ ਬਜ਼ੁਰਗ ਪਿਤਾ ਛੱਡ ਗਿਆ ਹੈ। ਪ੍ਰਵਾਰ ਨੂੰ ਬੀ.ਐਸ.ਐਫ ਵੱਲੋਂ ਸਹੂਲਤਾਂ ਦਿਤੀਆਂ ਜਾਣਗੀਆਂ। ਦੂਜੇ ਪਾਸੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਪ੍ਰਵਾਰ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਿਤੀਆਂ ਜਾਣਗੀਆਂ।