ਔਖੇ ਹੋ ਸਕਦੇ ਨੇ ਨਨਕਾਣਾ ਸਾਹਿਬ ਦੇ ਦਰਸ਼ਨ, ਪਾਕਿ ਨੇ ਫਸਾਈ ਨਵੀਂ ਗਰਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ...

ਨਨਕਾਣਾ ਸਾਹਿਬ

ਚੰਡੀਗੜ੍ਹ (ਸ.ਸ.ਸ) : ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ 'ਚ ਇਕ ਵੱਡਾ ਰੋੜਾ ਅਟਕਾ ਦਿਤਾ ਹੈ। ਜਿਸ ਨੂੰ ਲੈ ਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।
ਦਰਅਸਲ ਇਕ ਜਾਣਕਾਰੀ ਮੁਤਾਬਕ ਪਾਕਿਸਤਾਨੀ ਅੰਬੈਸੀ ਦਾ ਕਹਿਣਾ ਕਿ ਇਸ ਵਾਰ ਇੱਥੇ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਬੜੀ ਮੁਸ਼ਕਲ 36 ਘੰਟੇ ਪਹਿਲਾਂ ਹੀ ਦਿਤਾ ਜਾਵੇਗਾ।

ਜਿਸ ਕਾਰਨ ਸਿੱਖ ਸ਼ਰਧਾਲੂਆਂ ਵਲੋਂ ਉਨ੍ਹਾਂ ਦੀ ਯਾਤਰਾ ਵਿਚ ਵਿਘਨ ਪੈਣ ਦੀ ਗੱਲ ਆਖਦੇ ਹੋਏ ਨਿਰਾਸ਼ਾ ਜ਼ਾਹਰ ਕੀਤੀ ਜਾ ਰਹੀ ਹੈ। ਪਾਕਿ ਜਾਣ ਵਾਲੇ ਸ਼ਰਧਾਲੂਆਂ ਵਲੋਂ ਵੀਜ਼ਾ ਲੈਣ ਲਈ ਦਿੱਲੀ ਅੰਬੈਸੀ ਦੇ ਚੱਕਰ ਲਗਾਏ ਜਾ ਰਹੇ ਹਨ। ਪਰ ਸ਼ਰਧਾਲੂਆਂ ਮੁਤਾਬਕ ਅੰਬੈਸੀ ਵਲੋਂ ਉਨ੍ਹਾਂ ਨੂੰ 19 ਨਵੰਬਰ ਤੋਂ ਬਾਅਦ ਹੀ ਵੀਜ਼ਾ ਦੇਣ ਦੀ ਗੱਲ ਆਖੀ ਜਾ ਰਹੀ ਹੈ। ਸ਼ਰਧਾਲੂਆਂ ਦਾ ਕਹਿਣੈ ਕਿ ਜੇਕਰ ਇਹੀ ਹਾਲ ਰਿਹਾ ਤਾਂ ਇਸ ਨਾਲ ਉਨ੍ਹਾਂ ਦੀ ਯਾਤਰਾ ਵਿਚ ਰੁਕਾਵਟ ਪਵੇਗੀ। ਇਸ ਦੇ ਨਾਲ ਹੀ ਬਹੁਤ ਸਾਰੇ ਸਿੱਖ ਸ਼ਰਧਾਲੂਆਂ ਵਲੋਂ ਇਹ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ।

ਕਿ ਯਾਤਰਾ ਤੋਂ ਸਿਰਫ 36 ਘੰਟੇ ਪਹਿਲਾਂ ਵੀਜ਼ਾ ਜਾਰੀ ਕਰਨ ਨਾਲ ਕਈ ਸ਼ਰਧਾਲੂ ਯਾਤਰਾ ਤੋਂ ਵਾਂਝੇ ਰਹਿ ਸਕਦੇ ਹਨ ਕਿਉਂਕਿ ਦੂਰ-ਦੁਰਾਡੇ ਵਾਲੇ ਲੋਕਾਂ ਨੂੰ ਤਿਆਰੀ ਦਾ ਵੀ ਸਮਾਂ ਨਹੀਂ ਮਿਲੇਗਾ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਦਿੱਲੀ ਦੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਸਰਹੱਦ ਤਕ ਪਹੁੰਚ ਜਾਣਗੇ ਪਰ ਗੁਜਰਾਤ, ਮਹਾਰਾਸ਼ਟਰ ਵਰਗੇ ਸੂਬਿਆਂ ਦੇ ਸ਼ਰਧਾਲੂਆਂ ਲਈ ਮੁਸ਼ਕਲ ਹੋ ਸਕਦੀ ਹੈ। ਜਿਸ ਕਾਰਨ ਉਨ੍ਹਾਂ ਦੀ ਯਾਤਰਾ ਰੱਦ ਵੀ ਹੋ ਸਕਦੀ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਤਕ ਪਾਕਿ ਜਾਣ ਲਈ 8 ਦਿਨ ਪਹਿਲਾਂ ਵੀਜ਼ਾ ਮਿਲ ਜਾਂਦਾ ਸੀ।

ਜਿਸ ਕਾਰਨ ਲੋਕ ਅਪਣੇ ਘਰ ਜਾ ਕੇ ਯਾਤਰਾ ਦੀ ਆਰਾਮ ਨਾਲ ਤਿਆਰੀ ਕਰ ਲੈਂਦੇ ਸਨ। ਸ਼ਰਧਾਲੂਆਂ ਦਾ ਕਹਿਣੈ ਕਿ ਇਕ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯਾਤਰਾ ਲਈ ਦਿਲ ਖੋਲ੍ਹ ਕੇ ਵੀਜ਼ਾ ਦੇਣ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੀ ਹੀ ਅੰਬੈਸੀ ਉਨ੍ਹਾਂ ਦੀਆਂ ਗੱਲਾਂ ਦੇ ਉਲਟ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਪੈਦਲ ਜਾਣ ਦੀ ਸ਼ਰਧਾ ਰੱਖਣ ਵਾਲੇ ਲੋਕਾਂ ਨੂੰ ਇਹ ਵੀ ਡਰ ਹੈ ਕਿ ਪਾਕਿਸਤਾਨ ਇਸ ਵਾਰ ਉਨ੍ਹਾਂ ਨੂੰ ਪੈਦਲ ਜਾਣ ਲਈ ਰੋਕ ਸਕਦਾ ਹੈ। ਦਸ ਦਈਏ ਕਿ 23 ਨਵੰਬਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ।

ਜਿਸ ਵਿਚ ਸ਼ਮੂਲੀਅਤ ਕਰਨ ਲਈ ਭਾਰਤ ਤੋਂ 21 ਨਵੰਬਰ ਨੂੰ ਅਟਾਰੀ ਰੇਲਵੇ ਸਟੇਸ਼ਨ ਅਤੇ ਸੜਕ ਜ਼ਰੀਏ ਸਿੱਖ ਸ਼ਰਧਾਲੂਆਂ ਦਾ ਜੱਥਾ ਸਰਹੱਦ ਪਾਰ ਪਾਕਿਸਤਾਨ ਜਾਵੇਗਾ। ਜਿਸ ਦੇ ਲਈ ਦੇਸ਼ ਭਰ ਵਿਚੋਂ ਲਗਭਗ 4 ਹਜ਼ਾਰ ਲੋਕਾਂ ਨੇ ਵੀਜ਼ਾ ਅਪਲਾਈ ਕੀਤਾ ਹੈ।