ਪੰਜਾਬ ਦੇ 12 ਹਜ਼ਾਰ ਸਕੂਲਾਂ ਦੀ ਦਸ਼ਾ ਸੁਧਾਰਨਗੇ ਸੁਖੀ ਬਾਠ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿਚ ਵਸ ਰਹੇ ਬਹੁਤ ਸਾਰੇ ਐਨਆਰਆਈ ਪੰਜਾਬੀਆਂ ਦੇ ਦਿਲਾਂ ਵਿਚ ਅਪਣੇ ਪੰਜਾਬ ਦੀ ਭਲਾਈ ਲਈ ਦਰਦ ਛੁਪਿਆ ਹੋਇਆ ਹੈ। ਇਸੇ ਲਈ ...

Sukhi Bath

ਚੰਡੀਗੜ੍ਹ (ਸਸਸ):- ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿਚ ਵਸ ਰਹੇ ਬਹੁਤ ਸਾਰੇ ਐਨਆਰਆਈ ਪੰਜਾਬੀਆਂ ਦੇ ਦਿਲਾਂ ਵਿਚ ਅਪਣੇ ਪੰਜਾਬ ਦੀ ਭਲਾਈ ਲਈ ਦਰਦ ਛੁਪਿਆ ਹੋਇਆ ਹੈ। ਇਸੇ ਲਈ ਉਹ ਸਮੇਂ-ਸਮੇਂ 'ਤੇ ਪੰਜਾਬ ਵਿਚ ਕਈ ਤਰ੍ਹਾਂ ਦੇ ਭਲਾਈ ਕਾਰਜ ਕਰਵਾਉਂਦੇ ਰਹਿੰਦੇ ਹਨ। ਅਜਿਹੇ ਪਰਵਾਸੀ ਪੰਜਾਬੀਆਂ ਵਿਚੋਂ ਇਕ ਹਨ ਸੁੱਖੀ ਬਾਠ। ਸੁੱਖੀ ਬਾਠ ਦੀ ਇਹੋ ਕੋਸਿ਼ਸ਼ ਰਹਿੰਦੀ ਹੈ ਕਿ ਉਹ ਸੁੱਖ-ਸਹੂਲਤਾਂ ਤੋਂ ਹੁਣ ਤੱਕ ਵਾਂਝੇ ਰਹੇ ਲੋਕਾਂ ਦੇ ਚਿਹਰੇ ਤੇ ਕਿਸੇ ਤਰ੍ਹਾਂ ਥੋੜ੍ਹੀ ਮੁਸਕਰਾਹਟ ਲਿਆ ਸਕਣ।

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਉਨ੍ਹਾਂ ਦਾ ਆਪਣਾ ਆਟੋ-ਡੀਲਰਸਿ਼ਪ ਦਾ ਵਧੀਆ ਕਾਰੋਬਾਰ ਹੈ। ਸਰੀ 'ਚ ਉਨ੍ਹਾਂ ਦਾ ਪੰਜਾਬ ਭਵਨ ਹੈ, ਜਿੱਥੇ ਆਮ ਤੌਰ 'ਤੇ ਪੰਜਾਬੀ ਹੀ ਨਹੀਂ, ਫਿ਼ਲੀਪੀਨਜ਼ ਤੇ ਚੀਨ ਮੂਲ ਦੇ ਪ੍ਰਵਾਸੀ ਵੀ ਆਪਣੇ ਸਮਾਜਕ-ਸਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਹਨ। ਸੁੱਖੀ ਬਾਠ ਹੁਣ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਭਲਾਈ ਲਈ ਵੀ ਕੰਮ ਕਰਨ ਵਾਲੇ ਹਨ। ਇਸ ਸਬੰਧੀ ਉਨ੍ਹਾਂ ਦੀ ਗੱਲਬਾਤ ਸੂਬੇ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਚੱਲ ਰਹੀ ਹੈ।

ਉਹ ਪੰਜਾਬ ਦੇ ਸਕੂਲਾਂ 'ਚ ਆਰਓ (RO), ਕੂਲਰ, ਆਡੀਓ-ਵਿਜ਼ੂਅਲ ਏਡਸ ਤੇ ਫ਼ਰਨੀਚਰ ਮੁਹੱਈਆ ਕਰਵਾਉਣਗੇ। ਇਹ ਸਭ ਕਿਸੇ ਇਕ ਸਕੂਲ ਲਈ ਨਹੀਂ, ਸਗੋਂ ਅਗਲੇ ਤਿੰਨ ਸਾਲਾ 'ਚ ਸਾਰੇ 12 ਹਜ਼ਾਰ ਸਕੂਲਾਂ ਵਿਚ ਮੁਹੱਈਆ ਕਰਵਾਇਆ ਜਾਵੇਗਾ। ਅਗਲੇ ਸਾਲ ਫ਼ਰਵਰੀ ਮਹੀਨੇ ਤੋਂ ਪੰਜਾਬ ਦੇ ਸਕੂਲਾਂ ਨੂੰ ਇਹ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੁੱਖੀ ਬਾਠ ਦਾ ਮੰਨਣਾ ਹੈ ਕਿ ਹਰੇਕ ਬੱਚੇ ਨੂੰ ਸਾਫ਼ ਪਾਣੀ ਤੇ ਹਵਾ ਦੀ ਜ਼ਰੂਰਤ ਹੈ ਤੇ ਉਸ ਨੂੰ ਪੜ੍ਹਾਈ ਲਈ ਸਹੀ ਸਮੱਗਰੀ ਵੀ ਚਾਹੀਦੀ ਹੈ।

‘ਮੇਰੀ ਫ਼ਾਊਂਡੇਸ਼ਨ ਬੱਚਿਆਂ ਨੂੰ ਇਹ ਸਭ ਮੁਹੱਈਆ ਕਰਵਾਏਗੀ। ਸੁਖੀ ਬਾਠ ਨੇ 1991 'ਚ ਨੌਕਰੀ ਛੱਡ ਕੇ ਆਪਣੀ ਖ਼ੁਦ ਦੀ ਆਟੋ ਡੀਲਰਸਿ਼ਪ ਸਥਾਪਤ ਕਰ ਲਈ ਸੀ। ਅੱਜ ਉਨ੍ਹਾਂ ਦੇ ਆਪਣੇ ਪੰਜ ਵੱਖੋ-ਵੱਖਰੇ ਕਾਰੋਬਾਰ ਹਨ ਤੇ 300 ਮੁਲਾਜ਼ਮ ਹਨ। ਉਨ੍ਹਾਂ ਨੇ 1996 'ਚ ਬਾਠ ਫ਼ਾਊਂਡੇਸ਼ਨ ਸਥਾਪਤ ਕਰ ਕੇ ਆਪਣਾ ਸਮਾਜ ਸੇਵਾ ਦਾ ਕਾਰਜ ਅਰੰਭ ਕੀਤਾ ਸੀ। ਸੁੱਖੀ ਬਾਠ ਨੇ ਹੁਣ ਤੱਕ ਅੱਖਾਂ ਦੇ 90,000 ਆਪਰੇਸ਼ਨ ਮੁਫ਼ਤ ਕਰਵਾ ਚੁੱਕੇ ਹਨ।

386 ਲੋੜਵੰਦ ਕੁੜੀਆਂ ਦੇ ਉਨ੍ਹਾਂ ਨੇ ਵਿਆਹ ਕਰਵਾਏ ਹਨ। ਅਕਤੂਬਰ 2016 'ਚ ਕੈਨੇਡਾ ਦੇ ਸ਼ਹਿਰ ਸਰੀ 'ਚ ਪੰਜਾਬੀ ਭਵਨ ਦੀ ਉਸਾਰੀ ਕਰਵਾਈ ਸੀ। ਉਸ ਭਵਨ 'ਚ ਇਕ ਮਹੀਨੇ ਦੇ ਅੰਦਰ ਘੱਟੋ-ਘੱਟ ਔਸਤਨ 25 ਪ੍ਰੋਗਰਾਮ ਹੁੰਦੇ ਹਨ ਤੇ 4,000 ਦੇ ਲਗਭਗ ਵਿਅਕਤੀ ਉੱਥੇ ਪੁੱਜਦੇ ਹਨ ਤੇ ਅਜਿਹੀਆਂ ਸਹੂਲਤਾਂ ਲਈ ਉਹ ਇਕ ਪੈਸਾ ਵੀ ਵਸੂਲ ਨਹੀਂ ਕਰਦੇ। ਸੁੱਖੀ ਬਾਠ ਦਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਲੋੜਵੰਦਾਂ ਦੀ ਸਹਾਇਤਾ ਕਰਨਾ ਮਨੁੱਖਤਾ ਸੱਭ ਤੋਂ ਵੱਡਾ ਕਾਰਜ ਹੈ।