ਬੇਬੇ ਨਾਨਕੀ ਕਾਲਜ ਵਿਖੇ ਰੋਕੀਆਂ ਸੱਤ ਹਜ਼ਾਰ ਗਊਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਸ਼ਾਸਨ ਅਤੇ ਬਾਬੇ ਵਿਚਕਾਰ ਗੱਲਬਾਤ ਜਾਰੀ, ਸਥਿਤੀ ਜਿਉਂ ਦੀ ਤਿਉਂ

At Babe Nanaki College, the stops were seven thousand cows

ਸੁਲਤਾਨਪੁਰ ਲੋਧੀ (ਲਖਵੀਰ ਸਿੰਘ ਲੱਖੀ): ਬਾਬਾ ਬਕਾਲਾ ਤੋਂ ਹਰ ਸਾਲ ਪਾਵਨ ਨਗਰੀ ਵਿਖੇ ਗੁਰਪਰਬ ਮੌਕੇ ਗਊਆਂ ਲੈ ਕੇ ਬਾਬਾ ਪਾਲਾ ਸਿੰਘ ਆਉਂਦੇ ਸਨ। ਇਸ ਵਾਰ ਬਾਬ ਤਰਸੇਮ ਸਿੰਘ ਵਲੋਂ ਤਕਰੀਬਨ 7 ਹਜ਼ਾਰ ਗਊਆਂ, ਮੱਝਾਂ, ਬਕਰੀਆਂ, ਘੋੜੇ ਅਤੇ ਊਠ ਬਾਬੇ ਬਕਾਲੇ ਤੋਂ ਸੁਲਤਾਨਪੁਰ ਲੋਧੀ ਵਲ ਲੈ ਕੇ ਚਾਲੇ ਪਾਏ। ਇਸ ਵਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਅਨੇਕਾਂ ਵਿਕਾਸ ਕਾਰਜ ਕਰਵਾਏ ਗਏ।

ਸਮੁੱਚੇ ਹਲਕੇ ਅੰਦਰ ਨਵੇਂ ਬੂਟੇ ਲੱਖਾਂ ਦੀ ਗਿਣਤੀ 'ਚ ਲਗਾਏ ਤੇ ਪੂਰੇ ਪਿੰਡਾਂ ਵਿਚ ਬਗੀਚੇ ਤਿਆਰ ਕਰਵਾਏ ਜਿਸ ਕਾਰਨ ਇਨ੍ਹਾਂ ਬੂਟਿਆਂ ਦੀ ਰਖਵਾਲੀ ਤੇ ਸਫ਼ਾਈ ਨੂੰ ਲੈ ਕੇ ਬਾਬਾ ਤਰਸੇਮ ਸਿੰਘ ਤੇ ਪ੍ਰਸ਼ਾਸਨ ਵਿਚਕਾਰ ਬੀਤੇ ਕਲ ਤੋਂ ਤਕਰਾਰ ਵਾਲੀ ਸਥਿਤੀ ਜਿਉਂ ਦੀ ਤਿਉਂ ਬਣੀ ਪਈ ਹੈ। ਬਾਬਾ ਗਊਆਂ ਨੂੰ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਲੈ ਕੇ ਜਾਣ ਲਈ ਬਜ਼ਿੱਦ ਹੈ ਤੇ ਪੁਲਿਸ ਪ੍ਰਸ਼ਾਸਨ ਵਲੋਂ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਲਗਾ ਕੇ ਸਥਿਤੀ 'ਤੇ ਕਾਬੂ ਰਖਿਆ ਜਾ ਰਿਹਾ ਹੈ।

ਅੱਜ ਸਥਾਨਕ ਐਸਡੀਐਮ ਡਾ. ਚਾਰੂਮਿਤਾ, ਐਸਐਸਪੀ ਸਤਿੰਦਰ ਸਿੰਘ ਕਪੂਰਥਲਾ, ਐਸਪੀ ਤੇਜਬੀਰ ਸਿੰਘ ਹੁੰਦਲ, ਡੀਐਸਪੀ ਸਰਵਨ ਸਿੰਘ ਬੱਲ, ਤਹਿਸੀਲਦਾਰ ਸੀਮਾ ਸਿੰਘ ਸਮੇਤ ਹੋਰ ਅਧਿਕਾਰੀ ਵੀ ਸਾਰਾ ਦਿਨ ਬਾਬਾ ਤਰਸੇਮ ਸਿੰਘ ਨਾਲ ਗੱਲਬਾਤ ਕਰ ਕੇ ਵਾਪਸ ਜਾਣ ਲਈ ਰਾਜੀ ਕਰਦੇ ਰਹੇ ਪਰ ਬਾਬਾ ਤਰਸੇਮ ਸਿੰਘ ਵਲੋਂ ਨਾਂਹਪੱਖੀ ਰਵਈਆ ਅਪਣਾਇਆ ਗਿਆ।

ਇਸ ਮੌਕੇ ਐਸ.ਡੀ.ਐਮ ਡਾ. ਚਾਰੂਮਿਤਾ ਨੇ ਦਸਿਆ ਕਿ ਬਾਬਾ ਤਰਸੇਮ ਸਿੰਘ ਨੂੰ ਪਾਵਨ ਨਗਰੀ ਵਿਖੇ ਨਤਮਸਤਕ ਹੋਣ ਲਈ ਆ ਰਹੀ ਸੰਗਤ ਦੀ ਮੁਸ਼ਕਲ ਨੂੰ ਮੁੱਖ ਰਖਦਿਆਂ ਗਊਆਂ ਨੂੰ ਸੁਲਤਾਨਪੁਰ ਲੋਧੀ ਨਾ ਲੈ ਕੇ ਜਾਣ ਲਈ ਪ੍ਰੇਰਤ ਕੀਤਾ ਪਰ ਸਥਿਤੀ ਅਜੇ ਵੀ ਪਹਿਲਾਂ ਦੀ ਤਰ੍ਹਾਂ ਬਣੀ ਹੋਈ ਹੈ। ਬੀਤੇ ਦੋ ਦਿਨ ਤੋਂ ਬੀਬੀ ਨਾਨਕੀ ਕਾਲਜ ਲੜਕੀਆਂ ਮੁੰਡੀ ਮੋੜ ਵਿਖੇ ਤਕਰੀਬਨ 7 ਹਜ਼ਾਰ ਗਊਆਂ ਠਹਿਰੀਆਂ ਹੋਈਆਂ ਹਨ ਤੇ ਕਾਲਜ ਕੰਪਲੈਕਸ ਪੂਰੀ ਤਰ੍ਹਾਂ ਮਲੀਆਮੇਟ ਹੋ ਗਿਆ ਹੈ ਤੇ ਸਮੁੱਚੀ ਹਰਿਆਵਲ ਖਤਮ ਹੋ ਗਈ ਹੈ।

ਇਥੇ ਆ ਰਹੀਆਂ ਵਿਦਿਆਰਥਣਾਂ ਤੇ ਸਟਾਫ਼ ਨੂੰ ਕਾਫੀ ਮੁਸ਼ਕਲ ਬਣੀ ਪਈ ਹੈ। ਇਸ ਮਾਮਲੇ ਸਬੰਧੀ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਬਾ ਤਰਸੇਮ ਸਿੰਘ ਨਾਲ ਗੱਲਬਾਤ ਜਾਰੀ ਹੈ ਪਰ ਅਜੇ ਤਕ ਬਾਬੇ ਨੂੰ ਮਨਾਉਣ ਲਈ ਗੱਲਬਾਤ ਸਿਰੇ ਨਹੀਂ ਲੱਗੀ। ਬਾਬਾ ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਵਨ ਨਗਰੀ ਵਿਖੇ ਨਤਮਸਤਕ ਹੋਣ ਆਉਂਦੇ ਹਾਂ

ਤੇ ਇਸ ਵਾਰ ਵੀ ਅਸੀਂ ਅਪਣੀਆਂ ਗਊਆਂ ਅਤੇ ਸਿੰਘਾਂ ਦੇ ਨਾਲ ਜਾਣ ਲਈ ਚਾਲੇ ਪਾਏ ਸਨ ਪਰ ਪੁਲਿਸ ਪ੍ਰਸ਼ਾਸਨ ਵਲੋਂ ਸਾਨੂੰ ਇਥੇ ਹੀ ਮਜਬੂਰਨ ਰੋਕਿਆ ਹੈ। ਅਸੀਂ ਸ਼ਹਿਰ ਦੇ ਬਾਹਰਵਾਰ ਤਲਵੰਡੀ ਚੌਧਰੀਆਂ ਤੋਂ ਝੱਲ ਵਾਲਾ ਜਾਣ ਲਈ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਹੈ ਪਰ ਉਹ ਸਾਨੂੰ ਅੱਗੇ ਨਹੀਂ ਜਾਣ ਦੇ ਰਹੇ। ਉਨ੍ਹਾਂ ਕਿਹਾ ਕਿ ਅਸੀਂ ਤਾਂ ਦਰਸ਼ਨ ਕਰਨ ਜ਼ਰੂਰ ਜਾਵਾਂਗੇ।