ਨਵਜੋਤ ਕੌਰ ਸਿੱਧੂ ਦਾ ਤੰਜ਼, 'ਸੁਖਬੀਰ ਇਕੱਲਾ ਹੀ ਨਹੀਂ ਪ੍ਰਕਾਸ਼ ਸਿੰਘ ਬਾਦਲ ਵੀ ਖਾਂਦੇ ਨੇ ਅਫੀਮ'
ਨਵਜੋਤ ਕੌਰ ਸਿੱਧੂ ਨੇ ਇਕ ਵਾਰ ਫਿਰ ਅਫੀਮ ਦੀ ਖੇਤੀ ਦੀ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਅਫ਼ੀਮ ਦੀ ਖੇਤੀ ਕਰਨ ਲਈ ਇਜਾਜ਼ਤ ਦੇਵੇ।
ਅੰਮ੍ਰਿਤਸਰ (ਸਰਵਣ ਸਿੰਘ): ਨਵਜੋਤ ਕੌਰ ਸਿੱਧੂ ਨੇ ਇਕ ਵਾਰ ਫਿਰ ਅਫੀਮ ਦੀ ਖੇਤੀ ਦੀ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਅਫ਼ੀਮ ਦੀ ਖੇਤੀ ਕਰਨ ਲਈ ਇਜਾਜ਼ਤ ਦੇਵੇ। ਇਹ ਖੇਤੀ ਸਰਕਾਰ ਦੇ ਕੰਟਰੋਲ ਵਿਚ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਬਾਹਰਲੇ ਦੇਸ਼ਾਂ ਵਿਚ ਵੇਚਿਆ ਜਾਵੇ। ਇਸ ਨਾਲ ਪੰਜਾਬ ਦਾ ਕਰਜ਼ਾ ਵੀ ਘੱਟ ਹੋਵੇਗਾ। ਇਸ ਦੌਰਾਨ ਉਹਨਾਂ ਨੇ ਬਾਦਲ ਪਰਿਵਾਰ ’ਤੇ ਵੀ ਤੰਜ਼ ਕੱਸਿਆ ਹੈ।
ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਫੀਮ ਖਾਣ ਦਾ ਸ਼ੌਕੀਨ ਹੈ, ਮੈਂ ਉਸ ਨੂੰ ਕਈ ਵਾਰ ਖੁਦ ਗੱਡੀ ਵਿਚ ਅਫੀਮ ਖਾਂਦੇ ਵੇਖਿਆ ਹੈ ਕਿਉਂਕਿ ਉਸ ਦੀਆਂ ਇਸ ਸੰਬੰਧ ਵਿਚ ਕਈ ਵਾਰ ਵੀਡੀਓ ਵਾਇਰਲ ਹੋਈਆਂ ਹਨ। ਉਹਨਾਂ ਕਿਹਾ ਕਿ ਅਫੀਮ ਦੀ ਖੇਤੀ ਨਾਲ ਸੁਖਬੀਰ ਬਾਦਲ ਨੂੰ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਉਹ ਓਵਰਡੋਜ਼ ਨਹੀਂ ਕਰੇਗਾ, ਜਦੋਂ ਉਹ ਓਵਰਡੋਜ਼ ਲੈਂਦੇ ਹਨ ਤਾਂ ਜ਼ਿਆਦਾ ਗੱਪਾਂ ਮਾਰਦੇ ਹਨ ਤੇ ਲੋਕ ਉਹਨਾਂ ਉੱਤੇ ਹੱਸਦੇ ਹਨ।
ਉਹਨਾਂ ਕਿਹਾ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਅਫੀਮ ਖਾਣ ਦਾ ਸ਼ੌਕੀਨ ਹੈ, ਉੱਥੇ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵੀ ਅਫੀਮ ਖਾਣ ਦੇ ਸ਼ੌਕੀਨ ਹਨ।ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਪੁੱਛੇ ਗਏ ਸਵਾਲ ’ਤੇ ਬੀਬੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਇਸ ਲਈ ਭਾਰਤ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਸਿੱਖ ਸੰਗਤਾਂ ਵਿਚ ਪਿਛਲੇ ਕਾਫੀ ਸਮੇਂ ਤੋਂ ਇਹ ਤਾਂਘ ਸੀ ਕਿ ਇਹ ਲਾਂਘਾ ਖੋਲ੍ਹਿਆ ਜਾਵੇ ਤਾਂ ਜੋ ਉਹ ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕਰ ਸਕਣ ਗੁਰੂ ਨਾਨਕ ਨੇ ਉਹਨਾਂ ਦੀ ਅਰਦਾਸ ਸੁਣੀ ਗਈ ਅਤੇ ਇਹ ਲਾਂਘਾ ਖੁੱਲ੍ਹ ਗਿਆ ਹੈ।
ਕਿਸਾਨਾਂ ਬਾਰੇ ਗੱਲਬਾਤ ਕਰਦੇ ਹੋਏ ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਰਹੀ ਹੈ ਪਰ ਕਿਤੇ ਨਾ ਕਿਤੇ ਕਾਲੇ ਕਾਨੂੰਨ ਰਾਹ ਦੇ ਵਿਚ ਅੜਿੱਕਾ ਬਣ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਚਾਹੁੰਦੇ ਹਨ ਕਿ ਤਿੰਨੇ ਕਾਲੇ ਕਾਨੂੰਨ ਸਿਰੇ ਤੋਂ ਰੱਦ ਕੀਤੇ ਜਾਣ ਜੋ ਕਿ ਕੇਂਦਰ ਸਰਕਾਰ ਦੇ ਹੱਥ ਹੈ।