ਊਰਜਾ ਤੇ ਵਾਤਾਵਰਣ ਨੂੰ ਬਚਾਉਣ ਵਾਸਤੇ ਉਦਯੋਗਾਂ ਨੂੰ ਊਰਜਾ ਕੁਸ਼ਲਤਾ ਉਪਾਅ ਲਾਗੂ ਕਰਨ ਦੀ ਲੋੜ: ਸੁਮੀਤ ਜਾਰੰਗਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਨ.ਐਫ.ਐਲ. ਬਠਿੰਡਾ ਅਤੇ ਰੋਪੜ ਵੱਲੋਂ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ ਨਾਲ ਸਮਝੌਤਾ ਸਹੀਬੱਧ

Industries need to implement energy efficiency measures to save energy and environment: Sumeet Jarangal

 

ਚੰਡੀਗੜ੍ਹ: ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੇ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀ.ਈ.ਈ.) ਦੇ ਸਹਿਯੋਗ ਨਾਲ ਅੱਜ ਇਥੇ ਪੇਡਾ ਆਡੀਟੋਰੀਅਮ ਵਿੱਚ ਪਛਾਣੇ ਗਏ 14 ਉਦਯੋਗਾਂ ਨਾਲ ਸਮਝੌਤੇ ਸਹੀਬੱਧ ਕਰਨ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਅਤੇ "ਆਈ.ਐਸ.ਓ. 50001: 2018 ਮਾਪਦੰਡ ਅਪਣਾਉਣ" ਵਿਸ਼ੇ 'ਤੇ ਇੱਕ ਤਕਨੀਕੀ ਸੈਸ਼ਨ ਕਰਵਾਇਆ ਗਿਆ।

ਸਾਰੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਪੇਡਾ ਦੇ ਮੁੱਖ ਕਾਰਜਕਾਰੀ ਡਾ. ਸੁਮੀਤ ਕੇ. ਜਾਰੰਗਲ ਨੇ ਉਦਯੋਗਾਂ ਨੂੰ ਗਲੋਬਲ ਮਿਸ਼ਨ ਹਾਸਲ ਕਰਨ ਵਾਸਤੇ ਊਰਜਾ, ਵਾਤਾਵਰਣ ਅਤੇ ਜਲਵਾਯੂ ਨੂੰ ਬਚਾਉਣ ਲਈ ਊਰਜਾ ਕੁਸ਼ਲਤਾ ਉਪਾਵਾਂ ਨੂੰ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪੀ.ਏ.ਟੀ. ਸਕੀਮ ਅਧੀਨ ਬਿਜਲੀ ਮੰਤਰਾਲੇ ਵੱਲੋਂ ਕੁੱਲ 40 ਡੈਜ਼ੀਗਨੇਟਿਡ ਕੰਜ਼ਿਊਮਰਜ਼ (ਡੀ.ਸੀਜ਼) ਨੋਟੀਫਾਈ ਕੀਤੇ ਗਏ ਹਨ ਅਤੇ ਇਨ੍ਹਾਂ 40 ਡੀ.ਸੀਜ਼. ਵਿੱਚੋਂ ਖਾਦ ਖੇਤਰ ਦੇ ਐਨ.ਐਫ.ਐਲ. ਬਠਿੰਡਾ ਅਤੇ ਰੋਪੜ ਵੱਲੋਂ ਆਈ.ਐਸ.ਓ. 50001: 2018 ਮਾਪਦੰਡ ਲਾਗੂ ਕਰਨ ਲਈ ਬੀ.ਈ.ਈ. ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ।  

ਇਸ ਦੌਰਾਨ ਵਰਕਸ਼ਾਪ ਦੇ ਮੁੱਖ ਮਹਿਮਾਨ ਚੇਅਰਮੈਨ ਪੇਡਾ ਸ੍ਰੀ ਐਚ.ਐਸ. ਹੰਸਪਾਲ ਨੇ ਸੂਬੇ ਵਿੱਚ ਊਰਜਾ ਕੁਸ਼ਲਤਾ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਿੱਚ ਉਦਯੋਗਾਂ ਅਤੇ ਐਮ.ਐਸ.ਐਮ.ਈਜ਼. ਦੀ ਅਹਿਮੀਅਤ ਅਤੇ ਸ਼ਮੂਲੀਅਤ ਬਾਰੇ ਵਿਚਾਰ-ਵਟਾਂਦਰਾ ਕੀਤਾ ਤਾਂ ਜੋ ਸੂਬੇ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ। ਉਨ੍ਹਾਂ ਸੁਝਾਅ ਦਿੱਤਾ ਕਿ ਵਿੱਤੀ ਅਦਾਰੇ ਸੂਬੇ ਵਿੱਚ ਅਜਿਹੇ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ।

ਡਾਇਰੈਕਟਰ ਬੀ.ਈ.ਈ. ਸ੍ਰੀ ਐਸ.ਕੇ. ਖੰਡਾਰੇ ਨੇ ਕੇਂਦਰ ਅਤੇ ਸੂਬਾਈ ਪੱਧਰ ’ਤੇ ਉਦਯੋਗਾਂ ਅਤੇ ਐਮ.ਐਸ.ਐਮ.ਈਜ਼. ਵਿੱਚ ਊਰਜਾ ਕੁਸ਼ਲਤਾ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਨਵੀਨਤਮ ਊਰਜਾ ਕੁਸ਼ਲ ਤਕਨਾਲੋਜੀ ਨੂੰ ਲਾਗੂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਦਯੋਗਾਂ ਅਤੇ ਐਮ.ਐਸ.ਐਮ.ਈ. ਵਿੱਚ ਨਿਵੇਸ਼ ਦੀ ਸੰਭਾਵਨਾ ਬਾਰੇ ਵੀ ਚਾਨਣਾ ਪਾਇਆ, ਜਿਸ ਨਾਲ ਸੂਬਾਈ ਪੱਧਰ ’ਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਉਦਯੋਗ, ਟਰਾਂਸਪੋਰਟ, ਇਮਾਰਤਾਂ ਅਤੇ ਖੇਤੀਬਾੜੀ ਖੇਤਰਾਂ ਦੀ ਗਤੀਸ਼ੀਲਤਾ ਅੱਜ ਨਵੇਂ ਮੌਕੇ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਊਰਜਾ ਹੌਲੀ-ਹੌਲੀ ਸਪਲਾਈ ਦੀ ਬਜਾਏ ਮੰਗ ਦੁਆਰਾ ਸੰਚਾਲਿਤ ਹੋ ਰਹੀ ਹੈ। ਉਨ੍ਹਾਂ ਨੇ ਉਦਯੋਗਾਂ ਅਤੇ ਐਮ.ਐਸ.ਐਮ.ਈਜ਼. ਵਿੱਚ ਊਰਜਾ ਕੁਸ਼ਲਤਾ ਸਬੰਧੀ ਗਤੀਵਿਧੀਆਂ ਅਤੇ ਉਪਾਵਾਂ ਨੂੰ ਲਾਗੂ ਕਰਨ ਲਈ ਪ੍ਰਾਜੈਕਟ ਲਾਗੂ ਕਰਨ ਅਤੇ ਫੰਡਿੰਗ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਤਾਲਮੇਲ ਅਤੇ ਗਿਆਨ ਦੇ ਪਾੜੇ ਨੂੰ ਪੂਰਨ ਬਾਰੇ ਵੀ ਚਰਚਾ ਕੀਤੀ।

ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਕਿਹਾ ਕਿ ਪੇਡਾ ਵੱਲੋਂ ਸਾਫ-ਸੁਥਰੀ ਅਤੇ ਕੁਦਰਤੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਊਰਜਾ ਖੇਤਰ ਦੀਆਂ ਨਵੀਨਤਮ ਰਣਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੇਡਾ ਵੱਲੋਂ ਬਿਜਲਈ ਵਾਹਨਾਂ (ਈ.ਵੀ.) ਅਤੇ ਹਾਈਡਰੋਜਨ ਦੀ ਵਰਤੋਂ ਵਰਗੀਆਂ ਨਵੀਨਤਮ ਤਕਨਾਲੋਜੀ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਟਰਾਂਸਪੋਰਟ ਅਤੇ ਉਦਯੋਗਿਕ ਖੇਤਰ ਵਿੱਚ ਊਰਜਾ ਦੀ ਮੰਗ ਨੂੰ ਕੁਦਰਤੀ ਊਰਜਾ ਨਾਲ ਪੂਰਾ ਕੀਤਾ ਜਾ ਸਕੇ। ਇਸ ਨਾਲ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਇਸ ਵਰਕਸ਼ਾਪ ਵਿੱਚ ਵਧੀਕ ਡਾਇਰੈਕਟਰ ਪੇਡਾ ਸ੍ਰੀ ਜਸਪਾਲ ਸਿੰਘ, ਪ੍ਰਾਜੈਕਟ ਇੰਜਨੀਅਰ ਬੀ.ਈ.ਈ. ਸ੍ਰੀ ਰਵਿੰਦਰ ਯਾਦਵ ਅਤੇ ਭਾਰਤ ਦੇ ਵੱਖ-ਵੱਖ ਉਦਯੋਗਾਂ ਤੇ ਐਮ.ਐਸ.ਐਮ.ਈਜ਼. ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ।