Art historian BN Goswamy passes away: ਚੰਡੀਗੜ੍ਹ ਦੇ ਪ੍ਰਸਿੱਧ ਕਲਾ ਇਤਿਹਾਸਕਾਰ ਪ੍ਰੋ. ਬੀਐਨ ਗੋਸਵਾਮੀ ਦਾ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

90 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ

Art historian BN Goswamy passes away

Art historian BN Goswamy passes away: ਚੰਡੀਗੜ੍ਹ ਦੇ ਪ੍ਰਸਿੱਧ ਕਲਾ ਆਲੋਚਕ ਅਤੇ ਕਲਾ ਇਤਿਹਾਸਕਾਰ ਪ੍ਰੋ. ਬੀਐਨ ਗੋਸਵਾਮੀ ਦਾ ਸ਼ੁਕਰਵਾਰ ਨੂੰ ਉਨ੍ਹਾਂ ਦੇ ਨਿਵਾਸ 'ਤੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਕਲਾ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬ ਲਲਿਤ ਕਲਾ ਅਕੈਡਮੀ ਨੇ ਉਨ੍ਹਾਂ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਬੀਐਨ ਗੋਸਵਾਮੀ ਦਾ ਜਨਮ 15 ਅਗਸਤ 1933 ਨੂੰ ਬਰਤਾਨਵੀ ਭਾਰਤ ਦੇ ਪੰਜਾਬ ਸੂਬੇ (ਮੌਜੂਦਾ ਸਮੇਂ ਵਿਚ ਪਾਕਿਸਤਾਨ) ਵਿਚ ਸਾਬਕਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀਐਲ ਗੋਸਵਾਮੀ ਦੇ ਘਰ ਹੋਇਆ ਸੀ।

ਸੂਬੇ ਦੇ ਵੱਖ-ਵੱਖ ਸਕੂਲਾਂ ਵਿਚ ਅਪਣੀ ਮੁਢਲੀ ਪੜ੍ਹਾਈ ਤੋਂ ਬਾਅਦ, ਉਨ੍ਹਾਂ ਨੇ ਅਪਣੀ ਇੰਟਰਮੀਡੀਏਟ ਦੀ ਪੜ੍ਹਾਈ ਹਿੰਦੂ ਕਾਲਜ, ਅੰਮ੍ਰਿਤਸਰ ਤੋਂ ਕੀਤੀ ਅਤੇ 1954 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਉਹ 1956 ਵਿਚ ਭਾਰਤੀ ਪ੍ਰਸ਼ਾਸਨਿਕ ਸੇਵਾ ਵਿਚ ਸ਼ਾਮਲ ਹੋਏ ਅਤੇ ਦੋ ਸਾਲ ਬਿਹਾਰ ਕੇਡਰ ਵਿਚ ਕੰਮ ਕਰਨ ਤੋਂ ਬਾਅਦ, ਉਨ੍ਹਾਂ ਨੇ ਕਲਾ ਵਿਚ ਅਪਣੀ ਪੜ੍ਹਾਈ ਜਾਰੀ ਰੱਖਣ ਲਈ 1958 ਵਿਚ ਸੇਵਾ ਤੋਂ ਅਸਤੀਫਾ ਦੇ ਦਿਤਾ। ਇਸ ਤੋਂ ਬਾਅਦ ਉਹ ਪੰਜਾਬ ਯੂਨੀਵਰਸਿਟੀ ਪਰਤੇ ਅਤੇ ਪ੍ਰਸਿੱਧ ਇਤਿਹਾਸਕਾਰ ਹਰੀ ਰਾਮ ਗੁਪਤਾ ਦੀ ਅਗਵਾਈ ਹੇਠ ਹੇਠਲੇ ਹਿਮਾਲਿਆ ਦੀ ਕਾਂਗੜਾ ਪੇਂਟਿੰਗ ਅਤੇ ਇਸ ਦੇ ਸਮਾਜਿਕ ਪਿਛੋਕੜ 'ਤੇ ਖੋਜ ਕੀਤੀ, 1961 ਵਿਚ ਡਾਕਟਰੇਟ ਦੀ ਡਿਗਰੀ (ਪੀਐਚਡੀ) ਪ੍ਰਾਪਤ ਕੀਤੀ।

ਅਪਣੀ ਖੋਜ ਦੌਰਾਨ, ਉਹ ਪੰਜਾਬ ਯੂਨੀਵਰਸਿਟੀ ਵਿਚ ਕਲਾ ਇਤਿਹਾਸ ਫੈਕਲਟੀ ਦੇ ਮੈਂਬਰ ਵਜੋਂ ਸ਼ਾਮਲ ਹੋਏ, ਜਿਥੇ ਉਨ੍ਹਾਂ ਅਪਣਾ ਸਾਰਾ ਕਰੀਅਰ ਬਿਤਾਇਆ ਅਤੇ ਇਕ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ। ਉਨ੍ਹਾਂ ਨੇ 1973 ਤੋਂ 1981 ਤਕ ਹਾਈਡਲਬਰਗ ਯੂਨੀਵਰਸਿਟੀ ਦੇ ਸਾਊਥ ਏਸ਼ੀਅਨ ਇੰਸਟੀਚਿਊਟ ਵਿਚ ਵਿਜ਼ਿਟਿੰਗ ਪ੍ਰੋਫ਼ੈਸਰ ਵਜੋਂ ਕੰਮ ਕੀਤਾ। ਇਸ ਤੋਂ ਇਲਾਵਾ ਕੈਲੀਫੋਰਨੀਆ, ਬਰਕਲੇ, ਪੈਨਸਿਲਵੇਨੀਆ ਅਤੇ ਜ਼ਿਊਰਿਖ ਵਰਗੀਆਂ ਕਈ ਹੋਰ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਵਿਚ ਵੀ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ। ਗੋਸਵਾਮੀ ਦਾ ਵਿਆਹ ਇਕ ਕਲਾ ਇਤਿਹਾਸਕਾਰ, ਸਿੱਖਿਆ ਸ਼ਾਸਤਰੀ ਅਤੇ ਪੰਜਾਬ ਯੂਨੀਵਰਸਿਟੀ ਵਿਚ ਸਾਬਕਾ ਪ੍ਰੋਫੈਸਰ ਕਰੁਣਾ ਨਾਲ ਹੋਇਆ ਸੀ। ਉਹ ਅਪਣੇ ਪ੍ਰਵਾਰ ਨਾਲ ਚੰਡੀਗੜ੍ਹ ਦੇ ਸੈਕਟਰ 19 ਵਿਚ ਰਹਿੰਦੇ ਸੀ।

(For more news apart from Art historian BN Goswamy passes away, stay tuned to Rozana Spokesman)