ਖੇਤੀ ਕਾਨੂੰਨ:ਦਿੱਲੀ ਵੱਲ ਵਹੀਰਾ ਘੱਤਣ ਲੱਗੇ ਦੇਸ਼ ਦੇ ਅਸਲੀ ਰਾਖੇ, ਕਿਸਾਨਾਂ ਦੇ ਹੱਕ ’ਚ ਡਟਣ ਦਾ ਅਹਿਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦੇ ਹੱਕ ’ਚ ਦਿੱਲੀ ਵੱਲ ਰਵਾਨਾ ਹੋਇਆ ਸਾਬਕਾ ਫ਼ੌਜੀਆਂ ਦਾ ਜਥਾ

ex-servicemen

ਚੰਡੀਗੜ੍ਹ : ਦਿੱਲੀ ਦੀਆਂ ਸਰਹੱਦਾਂ ’ਤੇ ਸੀਤ ਰਾਤਾਂ ’ਚ ਕੱਟ ਰਹੇ ਅੰਨਦਾਤੇ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਵਾਲਿਆਂ ਦੀ ਤਫਸੀਲ ਲੰਮੇਰੀ ਹੁੰਦੀ ਜਾ ਰਹੀ ਹੈ। ਕੇਂਦਰ ਸਰਕਾਰ ਕਿਸਾਨ ਹਮਾਇਤੀਆਂ ਨੂੰ ਜਿੰਨਾ ਭੰਡ ਰਹੀ ਹੈ, ਲੋਕਾਂ ਦਾ ਕਿਸਾਨਾਂ ਨਾਲ ਸਨੇਹ ਉਨਾ ਹੀ ਪਕੇਰਾ ਹੁੰਦਾ ਜਾ ਰਿਹਾ ਹੈ। ਨੌਬਤ ਇਹ ਆ ਗਈ ਹੈ ਕਿ ਹੁਣ ਲੋਕ ਆਪ-ਮੁਹਾਰੇ ਹੀ ਦਿੱਲੀ ਵੱਲ ਜਾਣ ਲੱਗੇ ਹਨ। ਚੱਲ ਰਹੀਆਂ ਚਰਚਾਵਾਂ ਮੁਤਾਬਕ ਲੋਕਾਂ ’ਚ ਇਹ ਗੱਲ ਪਕੇਰੀ ਹੁੰਦੀ ਜਾ ਰਹੀ ਹੈ ਕਿ ਜਿਹੜਾ  ਵੀ ਪ੍ਰਾਣੀ ਜਿਊਂਦਾ ਰਹਿਣ ਲਈ ਭੋਜਨ ਖਾਂਦਾ ਹੈ, ਉਸ ਨੂੰ ਕਿਸਾਨਾਂ ਦਾ ਰਿਣ ਉਤਾਰਨ ਲਈ ਇਕ ਵਾਰ ਦਿੱਲੀ ਹਾਜ਼ਰੀ ਜ਼ਰੂਰ ਲਗਵਾਉਣੀ ਚਾਹੀਦੀ ਹੈ। 

ਕਿਸਾਨਾਂ ਦੇ ਹੱਕ ਵਿਚ ਬਣੀ ਇਹ ਲਹਿਰ ਇੰਨੀ ਪਕੇਰੀ ਹੈ ਕਿ ਹਕੂਮਤੀ ਧਿਰ ਤੋਂ ਇਲਾਵਾ ਰਾਸ਼ਟਰੀ ਮੀਡੀਆ ਵਲੋਂ ਖੇਤੀ ਕਾਨੂੰਨਾਂ ਦੇ ਹੱਕ ਤੇ ਸੰਘਰਸ਼ੀ ਧਿਰਾਂ ਦੇ ਵਿਰੋਧ ’ਚ ਨਾਟਕੀ ਅੰਦਾਜ਼ ’ਚ ਪਰੋਸੇ ਜਾ ਰਹੇ ਪ੍ਰੋਗਰਾਮ ਵੀ ਬੇਅਸਰ ਸਾਬਤ ਹੋ ਰਹੇ ਹਨ। ਸ਼ਹਿਰਾਂ ’ਚ ਰਹਿਣ ਵਾਲੇ ਨੌਕਰੀ-ਪੇਸ਼ਾ ਲੋਕ ਵੀ ਦਿੱਲੀ ਜਾਣ ਨੂੰ ਅਪਣਾ ਧੰਨ ਭਾਗ ਸਮਝਣ ਲੱਗੇ ਹਨ। ਇਕ ਲੱਤ ਨਾਲ ਸਾਈਕਲ ਚਲਾ ਕੇ ਦਿੱਲੀ ਰਵਾਨਾ ਹੋਏ ਵਿਅਕਤੀ ਦੀ ਸੰਘਰਸ਼ੀ ਗਾਥਾ ਸਭ ਦਾ ਧਿਆਨ ਖਿੱਚ ਰਹੀ ਹੈ। ਕਿਸਾਨੀ ਸੰਘਰਸ਼ ’ਚ ਯੋਗਦਾਨ ਪਾਉਣ ਦੀਆਂ ਇਸ ਤੋਂ ਵੀ ਵੱਡੀਆਂ ਮਿਸਾਲਾਂ ਕਾਇਮ ਹੋ ਰਹੀਆਂ ਹਨ। 

ਸਿੰਘੂ ਸਰਹੱਦ ’ਤੇ ਕਿਸਾਨਾਂ ਦੀ ਸੇਵਾ ’ਚ ਹਾਜ਼ਰੀ ਲਗਵਾਉਣ ਵਾਲੇ ਕਰਨਾਲ ਇਲਾਕੇ ਦੇ ਪਿੰਡ ਸੀਂਘੜੇ ਦੇ ਬਾਬਾ ਰਾਮ ਸਿੰਘ ਸੀਂਘੜਾ ਵਾਲਿਆਂ ਵਲੋਂ ਕਿਸਾਨਾਂ ਦਾ ਦਰਦ ਨਾ ਸਹਾਰਦਿਆਂ ਖੁਦ ਨੂੰ ਕੁਰਬਾਨ ਕਰ ਦੇਣ ਦੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿਤਾ ਹੈ। ਬਾਬਾ ਰਾਮ ਸਿੰਘ ਦੀ ਸ਼ਹਾਦਤ ਦਾ ਕਿਸਾਨੀ ਸੰਘਰਸ਼ ’ਤੇ ਖ਼ਾਸ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਘਟਨਾ ਨੇ ਮਾਮਲੇ ਦੀ ਗੰਭੀਰਤਾ ਨੂੰ ਉਜਾਗਰ ਕੀਤਾ ਹੈ। ਸਰਕਾਰ ’ਤੇ ਵੀ ਮਾਮਲੇ ਦੇ ਹੱਲ ਲਈ ਦਬਾਅ ਵਧਣ ਲੱਗਾ ਹੈ।

ਇਕ ਪਾਸੇ ਜਿੱਥੇ ਸਰਕਾਰ ਨੇ ਕਿਸਾਨੀ ਘੋਲ ਨੂੰ ਅਸਫ਼ਲ ਬਣਾਉਣ ਲਈ ਅਪਣੀ ਸਾਰੀ ਤਾਕਤ ਝੋਕ ਦਿਤੀ ਹੈ ਉਥੇ ਹੀ ਸੰਘਰਸ਼ੀ ਧਿਰਾਂ ਦੇ ਹੌਂਸਲੇ ਹੋਰ ਬੁਲੰਦ ਹੁੰਦੇ ਜਾ ਰਹੇ ਹਨ। ਕਿਸਾਨੀ ਸੰਘਰਸ਼ ’ਚ ਹੁਣ ਦੇਸ਼ ਦੇ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਾਲੇ ਸਾਬਕਾ ਫ਼ੌਜੀ ਵੀ ਕੁੱਦ ਪਏ ਹਨ। ਬੀਤੇ ਦਿਨਾਂ ਤੋਂ ਸਾਬਕਾ ਫ਼ੌਜੀਆਂ ਵਲੋਂ ਮੈਡਲਾਂ ਸਮੇਤ ਦਿੱਲੀ ਵੱਲ ਕੂਚ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ। ਇਸੇ ਤਰ੍ਹਾਂ ਵੀਰਵਾਰ ਨੂੰ ਅੰਮਿ੍ਰਤਸਰ ਦੇ ਰਣਜੀਤ ਐਵੇਨਿਊ ਤੋਂ ਵੀ ਸਾਬਕਾ ਸੈਨਿਕਾਂ ਦਾ ਇਕ ਜਥਾ ਕਿਸਾਨੀ ਸੰਘਰਸ਼ ’ਚ ਕੁੱਦਣ ਲਈ ਦਿੱਲੀ ਹੋ ਚੁੱਕਾ ਹੈ।

ਇਸ ਜਥੇ ਵਿਚ ਲਗਭਗ 100 ਸਾਬਕਾ ਸੈਨਿਕ ਸ਼ਾਮਲ ਹਨ ਜਿਨ੍ਹਾਂ ਨਾਲ ਰਸਤੇ ਵਿਚ ਬਹੁਤ ਸਾਰੇ ਹੋਰ ਸਾਬਕਾ ਫ਼ੌਜੀ ਵੀ ਸ਼ਾਮਲ ਹੋਣਗੇ। ਸਾਬਕਾ ਫ਼ੌਜੀਆਂ ਨੇ ਸਰਕਾਰ ਖਿਲਾਫ਼ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ  ਇਸ ਤੋਂ ਵੱਡਾ ਮੰਦਭਾਗਾ ਹੋਰ ਕੀ ਹੋ ਸਕਦਾ ਹੈ ਕਿ ਦੇਸ਼ ਦੇ ਨੌਜਵਾਨ ਤੇ ਕਿਸਾਨਾਂ ਨੂੰ ਸੜਕਾਂ ’ਤੇ ਸੀਤ ਰਾਤਾਂ ਕੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸਾਬਕਾ ਫ਼ੌਜੀਆਂ ਮੁਤਾਬਕ ਦੇਸ਼ ’ਤੇ ਮੁਸ਼ਕਲ ਸਮਾਂ ਆਉਣ ’ਤੇ ਸਿਪਾਹੀ ਸਰਹੱਦਾਂ ਦੀ ਰਾਖੀ ਕਰਦਾ ਹੈ। ਅਸੀਂ ਦੇਸ਼ ਲਈ ਗੋਲੀਆਂ ਖਾਧੀਆਂ ਹਨ ਅਤੇ ਅੱਜ ਕਿਸਾਨ ਮੁਸ਼ਕਲ ’ਚ ਹਨ, ਉਸ ਦੀ ਸਹਾਇਤਾ ਲਈ ਦਿੱਲੀ ਜਾ ਰਹੇ ਹਾਂ।